ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਜਪਾ ਗਠਜੋੜ ਕਰਨ ਲਈ ਤਿਆਰ ਹੈ ਤੇ ਉਹ ਆਪਣੇ ਪੁਰਾਣੇ ਦੋਸਤਾਂ ਨਾਲ ਦੋਸਤੀ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਭਾਜਪਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਾਮਿਲਨਾਡੂ 'ਚ ਐੱਨਡੀਏ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਵੀਰਵਾਰ ਨੂੰ ਤਾਮਿਲਨਾਡੂ 'ਚ ਪੰਜ ਜ਼ਿਲਿ੍ਹਆਂ ਦੇ ਬੂਥ ਪੱਧਰੀ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੁਰਾਣੇ ਦੋਸਤਾਂ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਮੋਦੀ ਨੇ ਸਾਬਕਾ ਪ੍ਰਧਾਨ ਮਤੰਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸ਼ੁਰੂ ਕੀਤੀ ਗਈ ਕਾਮਯਾਬ ਗਠਜੋੜ ਸਿਆਸਤ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਦੂਰਦਰਸ਼ੀ ਨੇਤਾ ਅਟਲ ਜੀ ਭਾਰਤੀ ਸਿਆਸਤ 'ਚ ਨਵਾਂ ਸਭਿਆਚਾਰ ਲੈ ਕੇ ਆਏ ਸਨ ਜਿਹੜਾ ਕਾਮਯਾਬ ਗਠਜੋੜ ਸਿਆਸਤ ਦਾ ਸਭਿਆਚਾਰ ਸੀ। ਉਨ੍ਹਾਂ ਨੇ ਖੇਤੀ ਲੋੜਾਂ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ। ਅਟਲ ਜੀ ਨੇ ਜਿਹੜਾ ਰਸਤਾ ਦਿਖਾਇਆ ਸੀ, ਭਾਜਪਾ ਉਸੇ 'ਤੇ ਚੱਲ ਰਹੀ ਹੈ। ਮੋਦੀ ਇਕ ਵਰਕਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਭਾਜਪਾ ਅੰਨਾਡੀਐੱਮਕੇ, ਡੀਐੱਮਕੇ ਜਾਂ ਰਜਨੀਕਾਂਤ ਨਾਲ ਗਠਜੋੜ ਕਰਨਗੇ? ਹਾਲਾਂਕਿ ਰਜਨੀਕਾਂਤ ਨੇ ਫਿਲਹਾਲ ਆਪਣੀ ਪਾਰਟੀ ਬਣਾਈ ਨਹੀਂ ਹੈ।

ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਤਾਮਿਲਨਾਡੂ 'ਚ ਪੀਐੱਮਕੇ, ਐੱਮਡੀਐੱਮਕੇ ਸਮੇਤ ਛੇ ਪਾਰਟੀਆਂ ਦਾ ਗਠਜੋੜ ਬਣਾਇਆ ਸੀ। ਇਸ ਗਠਜੋੜ ਨੇ 39 ਸੀਟਾਂ 'ਚੋਂ ਦੋ 'ਤੇ ਜਿੱਤ ਦਰਜ ਕੀਤੀ ਸੀ, ਜਿਸ 'ਚੋਂ ਇਕ ਸੀਟ ਭਾਜਪਾ ਨੇ ਤੇ ਦੂਜੀ ਪੀਐੱਮਕੇ ਨੇ ਜਿੱਤੀ ਸੀ। ਹਾਲਾਂਕਿ ਬਾਅਦ 'ਚ ਪੰਜਾਂ ਪਾਰਟੀਆਂ ਨੇ ਭਾਜਪਾ ਨਾਲ ਰਿਸ਼ਤਾ ਤੋੜ ਲਿਆ ਸੀ। ਪ੍ਰਧਾਨ ਮਤੰਰੀ ਨੇ ਕਿਹਾ ਕਿ ਇਕ ਮਜ਼ਬੂਤ ਐੱਨਡੀਏ ਸਾਡੇ ਲਈ ਆਸਥਾ ਦੀ ਗੱਲ ਹੈ। ਮੋਦੀ ਨੇ ਕਿਹਾ ਕਿ ਇਹ ਕੋਈ ਮਜ਼ਬੂਰੀ ਨਹੀਂ ਹੈ। ਜੇਕਰ ਭਾਜਪਾ ਨੇ ਆਪਣੇ ਦਮ 'ਤੇ ਸ਼ਾਨਦਾਰ ਬਹੁਮਤ ਹਾਸਲ ਕਰ ਲੈਂਦੀ ਹੈ ਤੇ ਉਦੋਂ ਵੀ ਅਸੀਂ ਆਪਣੇ ਸਹਿਯੋਗੀਆਂ ਨਾਲ ਸਰਕਾਰ ਚਲਾਉਣ ਨੂੰ ਪਹਿਲ ਦੇਣਗੇ। ਖੇਤਰੀ ਪਾਰਟੀਆਂ ਨਾਲ ਚੰਗਾ ਵਿਹਾਰ ਨਾ ਕਰਨ ਲਈ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਟਲ ਜੀ ਨੇ ਜੋ ਕੀਤਾ, ਕਾਂਗਰਸ ਨੇ ਉਸ ਦੇ ਠੀਕ ਉਲਟ ਕੀਤਾ। ਕਾਂਗਰਸ ਨੇ ਖੇਤਰੀ ਸਿਆਸੀ ਪਾਰਟੀਆਂ, ਖਾਹਸ਼ਾਂ ਤੇ ਲੋਕਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਸਿਰਫ਼ ਉਸ ਕੋਲ ਹੀ ਸੱਤਾ 'ਚ ਹੋਣ ਦਾ ਅਧਿਕਾਰ ਹੈ।

ਮੋਦੀ ਨੇ ਲੋਕਾਂ ਨਾਲ ਜੁੜਨ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਸਿਆਸੀ ਮੁੱਦਿਆਂ ਤੋਂ ਕਿਤੇ ਉੱਪਰ ਲੋਕਾਂ ਨਾਲ ਗਠਜੋੜ ਹੈ। ਸਭ ਤੋਂ ਮਜ਼ਬੂਤ ਗਠਜੋੜ ਆਪ ਨਾਗਰਿਕਾਂ ਨਾਲ ਹੁੰਦਾ ਹੈ। ਗਠਜੋੜ ਤੋਂ ਵੱਧ ਸਾਨੂੰ ਬਾਕੀ ਲੋਕਾਂ ਨਾਲ ਜੁੜਨ 'ਤੇ ਧਿਆਨ ਦੇਣਾ ਪਵੇਗਾ। ਇਸ ਪ੍ਰੋਗਰਾਮ ਅਰਾਕੋਣਮ, ਕੁੱਡਲੋਰ, ਕੁਸ਼ਣਗਿਰੀ, ਇਰੋਡ ਤੇ ਧਰਮਪੁਰੀ ਦੇ ਭਾਜਪਾ ਵਰਕਰਾਂ ਦੇ ਨਾਂ ਨੇ ਹਿੱਸਾ ਲਿਆ।