ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕਦੇ ਨਹੀਂ ਕਿਹਾ ਸੀ ਕਿ ਲੋਕਾਂ ਦੇ ਖ਼ਾਤੇ 'ਚ 15-15 ਲੱਖ ਰੁਪਏ ਟਰਾਂਸਫਰ ਕੀਤੇ ਜਾਣਗੇ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਨੇ ਕਦੇ ਅਜਿਹਾ ਵਾਅਦਾ ਨਹੀਂ ਕੀਤਾ ਜਿਸ 'ਚ 15 ਲੱਖ ਰੁਪਏ ਲੋਕਾਂ ਦੇ ਬੈਂਕ ਅਕਾਊਂਟ 'ਚ ਟਰਾਂਸਫਰ ਕਰਨ ਦੀ ਗੱਲ ਕਹੀ ਗਈ ਹੋਵੇ।

ਇਕ ਇੰਟਰਵਿਊ 'ਚ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਕਾਲੇ ਧਨ ਖ਼ਿਲਾਫ਼ ਕਾਰਵਾਈ ਕੀਤੀ। ਇਹ ਸਾਡੀ ਸਰਕਾਰ ਸੀ ਜਿਸ ਨੇ ਬਲੈਕ ਮਨੀ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ। ਗ੍ਰਹਿ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿਰੋਧੀ ਪਾਰਟੀਆਂ ਭਾਜਪਾ ਨੂੰ 15 ਲੱਖ ਰੁਪਏ ਦੇ ਵਾਅਦੇ 'ਤੇ ਘੇਰ ਰਹੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਲੇਧਨ ਖ਼ਿਲਾਫ਼ ਕਾਰਵਾਈ ਮੁੱਖ ਚੋਣ ਮੁੱਦਿਆਂ 'ਚੋਂ ਇਕ ਸੀ। ਇਸ ਸਾਲ ਭਾਜਪਾ ਦੇ ਸੰਕਲਪ ਪੱਤਰ ਵਿਚ ਵੀ ਸਮਾਂਤਰ ਅਰਥਚਾਰੇ ਖ਼ਿਲਾਫ਼ ਕਾਰਵਾਈ ਦੀ ਗੱਲ ਕੀਤੀ ਗਈ ਹੈ।

ਛਾਪੇ ਸਿਆਸੀ ਮਾੜੀ ਭਾਵਨਾ ਤੋਂ ਪ੍ਰੇਰਿਤ ਨਹੀਂ

ਰਾਜਨਾਥ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਖ਼ਿਲਾਫ਼ ਜਾਰੀ ਛਾਪੇ ਕਿਸੇ ਤਰ੍ਹਾਂ ਦੀ ਮਾੜੀ ਭਾਵਨਾ ਤੋਂ ਪ੍ਰਰੇਰਿਤ ਨਹੀਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸਿਆਸਤਦਾਨਾਂ ਦੇ ਘਰ ਪੈ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦੇ ਛਾਪੇ ਕਿਸੇ ਸਿਆਸੀ ਮੰਦਭਾਵਨਾ ਕਾਰਨ ਨਹੀਂ ਪਏ। ਜਿਹੜੀਆਂ ਜਾਂਚ ਏਜੰਸੀਆਂ ਛਾਪੇ ਮਾਰ ਰਹੀਆਂ ਹਨ, ਉਹ ਖ਼ੁਦਮੁਖ਼ਤਿਆਰ ਸੰਸਥਾਵਾਂ ਹਨ। ਚੋਣ ਜ਼ਾਬਤਾ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ। ਉਹ ਆਪਣੇ ਇਨਪੁਟ 'ਤੇ ਕਾਰਵਾਈ ਕਰ ਰਹੀਆਂ ਹਨ।

ਖ਼ੁਫ਼ੀਆ ਇਨਪੁਟ ਦੇ ਆਧਾਰ 'ਤੇ ਕੰਮ ਕਰਦੀਆਂ ਹਨ ਏਜੰਸੀਆਂ

ਭਾਜਪਾ ਨੇਤਾ ਨੇ ਕਿਹਾ ਕਿ ਇਹ ਬਿਲਕੁਲ ਗ਼ਲਤ ਹੈ ਕਿ ਛਾਪੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਏਜੰਸੀਆਂ ਆਪਣੇ ਖ਼ੁਫ਼ੀਆ ਇਨਪੁੱਟ ਦੇ ਆਧਾਰ 'ਤੇ ਕੰਮ ਕਰਦੀਆਂ ਹਨ। ਜਾਂਚ ਏਜੰਸੀਆਂ ਅੱਗੇ ਵੀ ਇਸ ਤਰ੍ਹਾਂ ਕੰਮ ਕਰਦੀਆਂ ਰਹਿਣਗੀਆਂ ਤਾਂ ਜੋ ਚੋਣਾਂ 'ਚ ਬਿਨਾ ਹਿਸਾਬ-ਕਿਤਾਬ ਦੇ ਪੈਸੇ ਦਾ ਗ਼ਲਤ ਇਸਤੇਮਾਲ ਨਾ ਹੋਵੇ।