ਸਟੇਟ ਬਿਊਰੋ, ਲਖਨਊ : ਆਪਣੀ ਹੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦਾ ਲਗਪਗ ਇਕ ਸਾਲ ਤੋਂ ਵਿਰੋਧ ਕਰ ਰਹੀ ਬਹਿਰਾਈਚ ਦੀ ਐੱਮਪੀ ਸਵਿੱਤਰੀ ਬਾਈ ਫੂਲੇ ਨੇ ਵੀਰਵਾਰ ਨੂੰ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸਵਿੱਤਰੀ ਫੂਲੇ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ, ਮੈਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਭਾਜਪਾ ਸਰਕਾਰ ਦੇ ਮੰਤਰੀ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ ਅਤੇ ਰਾਖਵਾਂਕਰਨ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਮੰਦਰ ਨਹੀਂ ਸੰਵਿਧਾਨ ਚਾਹੀਦਾ ਹੈ ਕਿਉਂਕਿ ਦੇਸ਼ ਮੰਦਰ ਨਹੀਂ ਸੰਵਿਧਾਨ ਨਾਲ ਚੱਲੇਗਾ। ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਾਫ਼ ਕੀਤਾ ਕਿ ਕਾਰਜਕਾਲ ਪੂਰਾ ਹੋਣ ਤਕ ਉਹ ਐੱਮਪੀ ਬਣੀ ਰਹੇਗੀ।