ਅਗਰਤਲਾ, ਏਜੰਸੀ : ਤ੍ਰਿਪੁਰਾ 'ਚ ਭਾਜਪਾ ਦੇ ਵਿਧਾਇਕ ਜਦਬ ਲਾਲ ਦੇਬਨਾਥ ਦੀ ਵਿਧਾਨ ਸਭਾ ਸੈਸ਼ਨ ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਭਾਜਪਾ ਵਿਧਾਇਕ ਆਪਣੇ ਮੋਬਾਈਲ ਫੋਨ 'ਤੇ ਅਸ਼ਲੀਲ ਵੀਡੀਓ ਦੇਖਦੇ ਹੋਏ ਨਜ਼ਰ ਆ ਰਹੇ ਹਨ।
ਭਾਜਪਾ ਵਿਧਾਇਕ ਨੂੰ ਨੋਟਿਸ ਜਾਰੀ ਕਰੇਗੀ ਪਾਰਟੀ
ਭਾਜਪਾ ਤ੍ਰਿਪੁਰਾ ਦੇ ਸੂਬਾ ਪ੍ਰਧਾਨ ਰਾਜੀਬ ਭੱਟਾਚਾਰੀਆ ਨੇ ਏਜੰਸੀ ਨੂੰ ਦੱਸਿਆ ਕਿ ਪਾਰਟੀ ਛੇਤੀ ਹੀ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗੇਗੀ। ਦਰਅਸਲ, ਜਾਦਬ ਲਾਲ ਦੇਬਨਾਥ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਤੇ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਨਵੀਂ ਗਠਿਤ ਤ੍ਰਿਪੁਰਾ ਵਿਧਾਨ ਸਭਾ ਦਾ ਪਹਿਲਾ ਤਿੰਨ ਦਿਨਾ ਸੈਸ਼ਨ 24 ਮਾਰਚ ਅਤੇ 27-28 ਮਾਰਚ ਨੂੰ ਹੋਇਆ।
ਵਿਰੋਧੀ ਧਿਰ ਦੇ ਨੇਤਾ ਅਨੀਮੇਸ਼ ਦੇਬਬਰਮਾ ਨੇ ਭਾਜਪਾ ਵਿਧਾਇਕ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਜ਼ਿੰਮੇਵਾਰ ਵਿਅਕਤੀ ਹਨ ਤੇ ਉਨ੍ਹਾਂ ਦੇ ਕੰਮਾਂ ਨੂੰ ਦੂਜਿਆਂ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਮਾੜੀ ਮਿਸਾਲ ਕਾਇਮ ਨਹੀਂ ਕਰਨੀ ਚਾਹੀਦੀ। ਦੇਬਬਰਮਾ ਨੇ ਵਿਧਾਇਕ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਭਾਜਪਾ ਵਿਧਾਇਕ ਨੇ ਸਦਨ 'ਚ ਦੇਖੀ ਅਸ਼ਲੀਲ ਵੀਡੀਓ
ਸੀਪੀਆਈ (ਐਮ) ਅਤੇ ਕਾਂਗਰਸ ਨੇ ਵੀ ਜਾਦਬ ਲਾਲ ਦੇਬਨਾਥ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਾਂਗਰਸੀ ਆਗੂ ਬਿਰਜਿਤ ਸਿਨਹਾ ਨੇ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਦੀ ਮਨਾਹੀ ਹੈ। ਸਾਨੂੰ ਸਾਰਿਆਂ ਨੂੰ ਸਦਨ ਦੀ ਕਾਰਵਾਈ ਅਤੇ ਕੰਮਕਾਜ ਵੱਲ ਧਿਆਨ ਦੇਣਾ ਚਾਹੀਦਾ ਹੈ, ਫਿਰ ਵੀ ਜਾਦਬ ਲਾਲ ਦੇਬਨਾਥ ਨੇ ਸਦਨ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਅਸ਼ਲੀਲ ਵੀਡੀਓ ਦੇਖੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਿਚ ਥੋੜ੍ਹੀ ਜਿਹੀ ਵੀ ਨੈਤਿਕਤਾ ਹੈ ਤਾਂ ਉਸ ਨੂੰ ਜਦਬ ਲਾਲ ਦੇਬਨਾਥ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਭਾਜਪਾ ਦੀ ਤ੍ਰਿਪੁਰਾ ਇਕਾਈ ਦੇ ਸਕੱਤਰ ਹਨ ਜਾਦਬ ਲਾਲ ਦੇਬਨਾਥ
ਜਾਦਬ ਲਾਲ ਦੇਬਨਾਥ ਨੇ ਕਿਹਾ ਕਿ ਮੈਂ ਵਿਧਾਨ ਸਭਾ ਸਪੀਕਰ ਅਤੇ ਪ੍ਰਦੇਸ਼ ਪਾਰਟੀ ਪ੍ਰਧਾਨ ਨਾਲ ਗੱਲ ਕਰਾਂਗਾ ਤੇ ਫਿਰ ਅਗਲਾ ਕਦਮ ਚੁੱਕਾਂਗਾ। ਜਾਦਬ ਲਾਲ ਦੇਬਨਾਥ ਪਹਿਲੀ ਵਾਰ 16 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉੱਤਰੀ ਤ੍ਰਿਪੁਰਾ ਦੀ ਬਾਗਬਾਸਾ ਸੀਟ ਤੋਂ ਰਾਜ ਵਿਧਾਨ ਸਭਾ ਲਈ ਚੁਣੇ ਗਏ ਸਨ। 55 ਸਾਲਾ ਆਗੂ ਭਾਜਪਾ ਦੀ ਤ੍ਰਿਪੁਰਾ ਸੂਬਾ ਇਕਾਈ ਦੇ ਸਕੱਤਰ ਵੀ ਹਨ।
Posted By: Seema Anand