ਨਵੀਂ ਦਿੱਲੀ : ਸੁਪਰੀਮ ਕੋਰਟ ਗੁਜਰਾਤ ਦੀ ਦਵਾਰਕਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਵਿਧਾਇਕ ਪਬੂਭਾ ਮਾਨੇਕ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਦੀ ਚੋਣ ਨੂੰ ਰੱਦ ਕਰਨ ਦੇ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ 22 ਅਪ੍ਰੈਲ ਨੂੰ ਸੁਣਵਾਈ ਕਰੇਗੀ। ਗੁਜਰਾਤ ਹਾਈ ਕੋਰਟ ਨੇ 12 ਅਪ੍ਰੈਲ ਨੂੰ ਮਾਨੇਕ ਦੀ ਚੋਣ ਨੂੰ ਰੱਦ ਕਰ ਕੇ ਜ਼ਿਮਨੀ ਚੋਣ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਮਾਨੇਕ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।

ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਮਾਨੇਕ ਦੀ ਪਟੀਸ਼ਨ 'ਤੇ ਅਗਲੇ ਸੋਮਵਾਰ ਨੂੰ ਸੁਣਵਾਈ ਕਰੇਗੀ। ਦਵਾਰਕਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮੀਰਾਰਮਨਭਾਈ ਗੋਰੀਆ ਨੇ ਮਾਨੇਕ ਦੀ ਚੋਣ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਮਾਨੇਕ 2017 'ਚ ਵਿਧਾਇਕ ਚੁਣੇ ਗਏ ਸਨ। ਗੋਰੀਆ ਨੇ ਕਿਹਾ ਸੀ ਕਿ ਮਾਨੇਕ ਨੇ ਆਪਣੇ ਨਾਮਜ਼ਦਗੀ ਫਾਰਮ 'ਚ ਵਿਧਾਨ ਸਭਾ ਸੀਟ ਦਾ ਨਾਂ ਅਤੇ ਨੰਬਰ ਨਹੀਂ ਭਰਿਆ ਸੀ, ਜੋ 'ਦਵਾਰਕਾ-82' ਹੈ।

ਗੁਜਰਾਤ ਹਾਈ ਕੋਰਟ ਨੇ ਗੋਰੀਆ ਦੀ ਦਲੀਲ ਨੂੰ ਸਵੀਕਾਰ ਕਰਦੇ ਹੋਏ ਉੱਥੇ ਜ਼ਿਮਨੀ ਚੋਣ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਨਾਮਜ਼ਦਗੀ ਫਾਰਮ 'ਚ ਦੋਸ਼ 'ਲੋਕ ਨੁਮਾਇੰਦਾ ਐਕਟ, 1951 ਦੀਆਂ ਮਦਾਂ ਦੇ ਤਹਿਤ ਕਰਾਰ ਦਿੱਤਾ ਗਿਆ ਖ਼ਾਸ ਤਰ੍ਹਾਂ ਦਾ ਦੋਸ਼ ਹੈ। ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਕੁਝ ਪਹਿਲਾਂ ਦੇ ਫ਼ੈਸਲਿਆਂ ਦਾ ਹਵਾਲਾ ਦਿੰਦੇ ਹੋਏ ਮਾਨੇਕ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ। ਗੋਰੀਆ ਨੇ ਮਾਨੇਕ ਦੀ ਥਾਂ ਖ਼ੁਦ ਨੂੰ ਵਿਧਾਇਕ ਐਲਾਨਣ ਦੀ ਅਪੀਲ ਵੀ ਕੀਤੀ ਸੀ ਕਿਉਂਕਿ ਚੋਣ 'ਚ ਉਹ ਦੂਜੇ ਨੰਬਰ 'ਤੇ ਰਹੇ ਸਨ, ਪਰ ਕੋਰਟ ਨੇ ਉਨ੍ਹਾਂ ਦੀ ਇਹ ਦਲੀਲ ਨਹੀਂ ਮੰਨੀ।