ਸਟੇਟ ਬਿਊਰੋ, ਸ੍ਰੀਨਗਰ : ਸੁਰੱਖਿਆ ਬਲਾਂ ਦੇ ਵੱਧਦੇ ਦਬਾਅ ਕਾਰਨ ਆਪਾ ਗੁਆ ਚੁੱਕੇ ਅੱਤਵਾਦੀਆਂ ਨੇ ਉੱਤਰੀ ਕਸ਼ਮੀਰ 'ਚ ਬੁੱਧਵਾਰ ਨੂੰ ਮੁੜ ਇਕ ਭਾਜਪਾ ਆਗੂ ਨੂੰ ਨਿਸ਼ਾਨਾ ਬਣਾਇਆ। ਸੋਪੋਰ ਦੇ ਵਤਰਗਾਮ ਮਿਊਂਸੀਪਲ ਕਮੇਟੀ ਦੇ ਉਪ ਪ੍ਰਧਾਨ ਤੇ ਭਾਜਪਾ ਦੀ ਸਥਾਨਕ ਇਕਾਈ ਦੇ ਸੀਨੀਅਰ ਆਗੂ ਮੇਹਰਾਜੁਉਦੀਨ ਮੱਲਾ ਨੂੰ ਅੱਤਵਾਦੀ ਅਗਵਾ ਕਰ ਕੇ ਲੈ ਗਏ। ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਕਰੀਬ 10 ਘੰਟੇ 'ਚ ਉਨ੍ਹਾਂ ਨੂੰ ਛੁਡਾ ਲਿਆ ਪਰ ਅੱਤਵਾਦੀ ਬਚ ਨਿਕਲਣ 'ਚ ਕਾਮਯਾਬ ਰਹੇ।

ਪਿਛਲੇ ਇਕ ਹਫ਼ਤੇ ਦੌਰਾਨ ਉੱਤਰੀ ਕਸ਼ਮੀਰ 'ਚ ਭਾਜਪਾ ਆਗੂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ ਅੱਤਵਾਦੀਆਂ ਨੇ ਬਾਂਡੀਪੋਰਾ 'ਚ ਭਾਜਪਾ ਆਗੂ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਤੇ ਭਰਾ ਦੀ ਗੋਲੀਆਂ ਨਾਲ ਛੱਲੀ ਕਰ ਕੇ ਹੱਤਿਆ ਕਰ ਦਿੱਤੀ ਸੀ।

ਸੂਤਰਾਂ ਨੇ ਦੱਸਿਆ ਕਿ ਮੇਹਰਾਜੁਉਦੀਨ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਉਨ੍ਹਾਂ ਦਾ ਘਰ ਤੇ ਸਹੁਰਿਆਂ ਦੇ ਘਰ 'ਚ ਚੰਦ ਕੁ ਕਦਮਾਂ ਦਾ ਫ਼ਾਸਲਾ ਹੈ। ਬੁੱਧਵਾਰ ਸਵੇਰੇ ਉਹ ਆਪਣੇ ਸਹੁਰੇ ਦੇ ਮਕਾਨ ਦੇ ਬਾਹਰ ਸੜਕ 'ਤੇ ਟਹਿਲ ਰਿਹਾ ਸੀ ਕਿ ਅਚਾਨਕ ਇਕ ਸੈਂਟ੍ਰੋ ਕਾਰ ਪਿੱਛੇ ਆ ਕੇ ਰੁਕੀ। ਇਸ ਤੋਂ ਪਹਿਲਾਂ ਮੱਲਾ ਕੁਝ ਸਮਝਦੇ, ਕਾਰ 'ਚੋਂ ਦੋ-ਤਿੰਨ ਅੱਤਵਾਦੀ ਬਾਹਰ ਨਿਕਲੇ ਤੇ ਉਨ੍ਹਾਂ ਨੂੰ ਜਬਰਨ ਕਾਰ 'ਚ ਸੁੱਟ ਲਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਮੱਲਾ ਦਾ ਮੋਬਾਈਲ ਫੋਨ ਉਥੇ ਘਰ ਦੇ ਬਾਹਰ ਸੁੱਟਿਆ ਤੇ ਉਨ੍ਹਾਂ ਨੂੰ ਕਾਰ 'ਚ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਮੱਲਾ ਦੀ ਧੀ ਨੇ ਸੋਸ਼ਲ ਮੀਡੀਆ 'ਤੇ ਪਿਤਾ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ।

ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਮੇਹਰਾਜੁਉਦੀਨ ਮੱਲਾ ਨੂੰ ਠੀਕ-ਠਾਕ ਛੁਡਾਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਗਵਾ 'ਚ ਸ਼ਾਮਲ ਅੱਤਵਾਦੀ ਫਿਲਹਾਲ ਬਚ ਨਿਕਲੇ ਹਨ। ਭਾਜਪਾ ਆਗੂ ਨੂੰ ਕਿਸ ਹਾਲਾਤ ਤੇ ਕਿਥੋਂ ਛੁਡਾਇਆ ਗਿਆ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ।

ਸੂਤਰਾਂ ਅਨੁਸਾਰ ਭਾਜਪਾ ਆਗੂ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਅੱਤਵਾਦੀਆਂ ਦੇ ਸਾਰੇ ਸੰਭਾਵੀ ਠਿਕਾਣਿਆਂ 'ਤੇ ਛਾਪੇਮਾਰੀ ਕਰਦਿਆਂ ਸਾਰੇ ਸ਼ੱਕੀ ਤੱਤਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ। ਸੁਰੱਖਿਆ ਬਲਾਂ ਦੀ ਘੇਰਾਬੰਦੀ ਵਿਚਾਲੇ ਅੱਤਵਾਦੀਆਂ ਲਈ ਭਾਜਪਾ ਆਗੂ ਨੂੰ ਨਾਲ ਲੈ ਕੇ ਜਾਣਾ ਭਾਰੀ ਪੈ ਗਿਆ ਸੀ। ਇਕ ਜਗ੍ਹਾ ਖੁਦ ਨੂੰ ਘੇਰਾਬੰਦੀ 'ਚ ਫਸਦਾ ਦੇਖ ਕੇ ਉਹ ਭਾਜਪਾ ਆਗੂ ਨੂੰ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜ ਨਿਕਲੇ।

ਨਹੀਂ ਮਿਲੀ ਸੀ ਸੁਰੱਖਿਆ

ਭਾਜਪਾ ਦੇ ਸੁੂਬਾਈ ਬੁਲਾਰੇ ਅੱਲਤਾਫ ਠਾਕੁਰ ਨੇ ਕਿਹਾ ਕਿ ਮੇਹਰਾਜੁਉਦੀਨ ਮੱਲਾ ਰਫੀਆਬਾਦ ਵਿਧਾਨ ਸਭਾ ਖੇਤਰ ਦੀ ਭਾਜਪਾ ਇਕਾਈ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੇ ਪਿਤਾ ਗ਼ੁਲਾਮ ਮੁਹੰਮਦ ਮੱਲਾ ਅੱਠ ਸਾਲ ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਮੇਹਰਾਜੁਉਦੀਨ ਨੂੰ ਸੁਰੱਖਿਆ ਨਹੀਂ ਦਿੱਤੀ ਸੀ। ਬੀਤੇ ਹਫ਼ਤੇ ਬਾਂਡੀਪੋਰਾ 'ਚ ਬਸੀਮ ਬਾਰੀ ਤੇ ਉਨ੍ਹਾਂ ਦੇ ਪਿਤਾ ਤੇ ਭਰਾ ਦੀ ਹੱਤਿਆ ਤੋਂ ਬਾਅਦ ਅਸੀਂ ਸੂਬਾ ਪ੍ਰਸ਼ਾਸਨ ਤੇ ਡੀਜੀਪੀ ਨੂੰ ਅਪੀਲ ਕੀਤੀ ਸੀ ਕਿ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਮੁੱਖ ਧਾਰਾ ਦੀ ਸਿਆਸਤ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਦਾ ਸਮੁੱਚਾ ਪ੍ਰਬੰਧ ਕਰੇ ਪਰ ਅਪੀਲ ਨਹੀਂ ਮੰਨੀ ਗਈ।