ਜੇਐੱਨਐੱਨ, ਪਠਾਨਕੋਟ/ਅੰਮ੍ਰਿਤਸਰ : ਭਾਜਪਾ ਆਗੂ ਸਵਰਣ ਸਲਾਰੀਆ ਦੇ ਕਾਰੋਬਾਰੀ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਦੇ ਇੰਟੈਲੀਜੈਂਸ ਤੇ ਕ੍ਰਿਮੀਨਲ ਵਿੰਗ ਨੇ ਛਾਪੇ ਮਾਰੇ ਹਨ। ਇਹ ਛਾਪੇਮਾਰੀ ਵੀਰਵਾਰ ਸ਼ੁਰੂ ਹੋਈ ਸੀ ਤੇ ਸ਼ਨਿੱਚਰਵਾਰ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਆਈਟੀ ਇੰਟੈਲੀਜੈਂਸ ਤੇ ਕ੍ਰਿਮੀਨਲ ਵਿੰਘ ਦੇ ਡਾਇਰੈਕਟਰ ਏਕੇ ਮਿਸ਼ਰਾ ਦੀ ਅਗਵਾਈ 'ਚ ਕੀਤੀ ਜਾ ਰਹੀ ਇਸ ਛਾਪੇਮਾਰੀ ਤਹਿਤ ਵਿਭਾਗ ਦੀਆਂ 18 ਟੀਮਾਂ ਨੇ ਸਲਾਰੀਆ ਦੇ ਮੁੰਬਈ, ਪਠਾਨਕੋਟ ਤੇ ਜੰਮੂ ਸਥਿਤ ਦਫ਼ਤਰਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਦੇ ਪੂਰਾ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਤੇ ਪ੍ਰਸਿੱਧ ਕਾਰੋਬਾਰੀ ਸਵਰਣ ਸਲਾਰੀਆ ਦਾ ਕਾਰੋਬਾਰੀ ਹੈੱਡਕੁਆਰਟਰ ਮੁੰਬਈ ਹੈ। ਇਸ ਤੋਂ ਇਲਾਵਾ ਪਠਾਨਕੋਟ 'ਚ ਮੈਡੀਕਲ ਕਾਲਜ ਹੈ ਤੇ ਜੰਮੂ 'ਚ ਵਿੱਦਿਅਕ ਅਦਾਰਾ ਵੀ ਦੱਸਿਆ ਜਾ ਰਿਹਾ ਹੈ। ਆਮਦਨ ਕਰ ਵਿਭਾਗ ਨੇ ਉਨ੍ਹਾਂ ਦੇ ਮੁੰਬਈ ਸਥਿਤ ਹੈੱਡਕੁਆਰਟਰ ਤੋਂ ਛਾਪੇਮਾਰੀ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਵੀਰਵਾਰ ਨੂੰ ਰਾਤ ਨੂੰ ਟੀਮਾਂ ਪਠਾਨਕੋਟ ਤੇ ਜੰਮੂ ਦਫ਼ਤਰ ਤਕ ਪਹੁੰਚ ਗਈਆਂ। ਇਸ ਤੋਂ ਇਲਾਵਾ ਦੀਨਾਨਗਰ ਤੋਂ 25 ਕਿਲੋਮੀਟਰ ਦੂਰ ਉਨ੍ਹਾਂ ਦੇ ਚੋਹਾਨਾਂ, ਪਰਮਾਨੰਦ ਸਥਿਤ ਜੱਦੀ ਘਰ 'ਤੇ ਵੀ ਛਾਪੇ ਮਾਰੇ ਗਏ।

ਸੂਤਰਾਂ ਮੁਤਾਬਕ ਇਸ ਛਾਪੇਮਾਰੀ 'ਚ ਸਲਾਰੀਆ ਦੇ ਕਾਰੋਬਾਰ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰੀ ਜਾਂ ਆਗੂ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਵਾਰ-ਵਾਰ ਫੋਨ ਕਰਨ 'ਤੇ ਵੀ ਸਲਾਰੀਆ ਨੇ ਫੋਨ ਨਹੀਂ ਚੁੱਕਿਆ।

ਜ਼ਿਕਰਯੋਗ ਹੈ ਕਿ ਸਲਾਰੀਆ ਨੇ 2017 'ਚ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲੜੀ ਸੀ ਤੇ ਉਹ ਸੁਨੀਲ ਜਾਖੜ ਤੋਂ ਹਾਰ ਗਏ ਸਨ। ਹੁਣੇ ਹੋਈਆਂ ਲੋਕ ਸਭਾ ਚੋਣਾਂ 'ਚ ਵੀ ਉਹ ਭਾਜਪਾ ਦੀ ਟਿਕਟ ਦਾਅਵੇਦਾਰ ਸਨ।

ਸੂਤਰਾਂ ਮੁਤਾਬਕ ਵਿੱਤ ਵਿਭਾਗ ਇਸ ਨੂੰ ਰੁਟੀਨ ਦੀ ਕਾਰਵਾਈ ਕਰਾਰ ਕਹਿ ਰਿਹਾ ਹੈ ਪਰ ਸ਼ਹਿਰ 'ਚ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਜਦੋਂ ਭਾਜਪਾ ਆਗੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

Posted By: Jagjit Singh