ਜੇਐੱਨਐੱਨ, ਪਾਕੁੜ : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਝਾਰਖੰਡ ਦੇ ਪਾਕੁੜ ਤੇ ਗਿਰੀਡੀਹ ਵਿਚ ਚੋਣ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਗਰਿਕਤਾ ਸੋਧ ਬਿੱਲ 'ਤੇ ਕਿਹਾ ਕਿ ਪਾਕਿਸਤਾਨ ਵਿਚ ਤਸ਼ੱਦਦ ਦੇ ਸ਼ਿਕਾਰ ਹੋ ਰਹੇ ਘੱਟ ਗਿਣਤੀਆਂ ਲਈ ਹੀ ਉਨ੍ਹਾਂ ਦੀ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ। ਭਾਜਪਾ ਨੇ ਕਦੇ ਵੀ ਮਜ਼੍ਹਬ ਦੇ ਆਧਾਰ 'ਤੇ ਕੋਈ ਕੰਮ ਨਹੀਂ ਕੀਤਾ ਹੈ। ਪਾਕਿਸਤਾਨ ਵਿਚ ਹਿੰਦੂ, ਬੌਧ, ਜੈਨ ਆਦਿ ਦੀ ਆਬਾਦੀ ਘਟੀ, ਪਰ ਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ ਵਧੀ, ਕਿਉਂਕਿ ਅਸੀਂ ਸਾਰਿਆਂ ਨੂੰ ਸਨਮਾਨ ਦਿੱਤਾ। ਨਾਲ ਹੀ ਦੇਸ਼ ਦੀ ਆਬਾਦੀ ਦੇ 70 ਸਾਲ ਤੋਂ ਲੰਬਿਤ ਮਾਮਲੇ 370 ਨੂੰ ਭਾਜਪਾ ਸਰਕਾਰ ਨੇ ਹਟਾ ਕੇ ਦੇਸ਼ ਵਿਚ 'ਇਕ ਵਿਧਾਨ, ਇਕ ਨਿਸ਼ਾਨ ਤੇ ਇਕ ਪ੍ਰਧਾਨ' ਦੀ ਵਿਵਸਥਾ ਕਾਇਮ ਕੀਤੀ ਹੈ।

ਉਨ੍ਹਾਂ ਕਿਹਾ ਕਿ ਰਘੁਵਰ ਦਾਸ ਤੋਂ ਤੁਸੀਂ ਖ਼ੁਸ਼ ਹੋ ਜਾਂ ਨਹੀਂ, ਪਰ ਉਨ੍ਹਾਂ 'ਤੇ ਭਿ੍ਸ਼ਟਾਚਾਰ ਦਾ ਦਾਗ ਨਹੀਂ ਲੱਗਾ ਹੈ। ਭਾਜਪਾ ਦੇ ਕਿਸੇ ਪ੍ਰਧਾਨ ਮੰਤਰੀ ਅਤੇ ਮੰਤਰੀ 'ਤੇ ਭਿ੍ਸ਼ਟਾਚਾਰ ਦਾ ਦਾਗ ਨਹੀਂ ਹੈ। ਰਾਜਨਾਥ ਨੇ ਕਿਹਾ ਕਿ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਹੈ, ਉਥੇ ਸ਼ਾਨਦਾਰ ਮੰਦਰ ਦੇ ਨਿਰਮਾਣ ਨੂੰ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਹੈ। ਇਸ ਮਸਲੇ 'ਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਵੀ ਸੁਣਾ ਦਿੱਤਾ ਹੈ। ਇਹ ਸਭ ਭਾਜਪਾ ਦੇ ਸ਼ਾਸਨ ਕਾਲ ਵਿਚ ਹੋਇਆ। ਅਜਿਹੇ ਵਿਚ ਸਾਡੀ ਪਾਰਟੀ ਜੋ ਕਹਿੰਦੀ ਹੈ, ਉਸ ਨੂੰ ਪੂਰਾ ਕਰਦੀ ਹੈ।