ਜਾਗਰਣ ਬਿਊਰੋ, ਨਵੀਂ ਦਿੱਲੀ : ਬਿਹਾਰ 'ਚ ਕਾਂਗਰਸ ਦੇ ਇਕ ਉਮੀਦਵਾਰ ਦੇ ਜਿਨਾਹ ਸਮਰਥਕ ਹੋਣ ਦੇ ਵਿਵਾਦਾਂ ਵਿਚਾਲੇ ਹੀ ਹੁਣ ਭਾਜਪਾ ਨੇ ਸਿੱਧਾ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਨੂੰ 'ਨਾਪਸੰਦ ਹੀ ਨਹੀਂ, ਨਫ਼ਰਤ ਕਰਦੇ ਹਨ।'

ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਐਤਵਾਰ ਨੂੰ ਲਾਹੌਰ ਲਿਟਰੇਚਰ ਫੈਸਟੀਵਲ ਵਿਚ ਦਿੱਤੇ ਗਏ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਭਾਸ਼ਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਵਾਇਤੀ ਰੂਪ ਨਾਲ ਕਾਂਗਰਸ ਨੇਤਾਵਾਂ ਵੱਲੋਂ ਭਾਰਤ ਦਾ ਅਕਸ ਪਾਕਿਸਤਾਨ ਵਿਚ ਖ਼ਰਾਬ ਕੀਤਾ ਜਾਂਦਾ ਹੈ।

ਮਣੀਸ਼ੰਕਰ ਅਈਅਰ, ਸਲਮਾਨ ਖੁਰਸ਼ੀਦ, ਥਰੂਰ, ਚਿਦੰਬਰਮ ਵਰਗੇ ਨੇਤਾਵਾਂ ਦਾ ਹਵਾਲਾ ਦਿੰਦੇ ਹੋਏ ਪਾਤਰਾ ਨੇ ਕਿਹਾ ਕਿ ਇਹ ਸਾਰੇ ਕਾਂਗਰਸ ਪਰਿਵਾਰ ਦੇ ਵਿਸ਼ਵਾਸਪਾਤਰ ਹਨ। ਅਜਿਹੇ ਵਿਚ ਭਾਜਪਾ ਰਾਹੁਲ ਗਾਂਧੀ ਨੂੰ ਹੁਣ ਤੋਂ 'ਰਾਹੁਲ ਲਾਹੌਰੀ' ਹੀ ਕਹਿ ਕੇ ਸੰਬੋਧਨ ਕਰੇਗੀ। ਪਾਤਰਾ ਨੇ ਇਹ ਵੀ ਪੁੱਿਛਆ ਕਿ ਕੀ ਰਾਹੁਲ ਲਾਹੌਰ ਤੋਂ ਚੋਣ ਲੜਨ ਦੀ ਸੋਚ ਰਹੇ ਹਨ। ਪਾਤਰਾ ਨੇ ਕਿਹਾ ਕਿ ਇਹ ਮੁੱਦਾ ਹੁਣ ਭਾਜਪਾ ਕਾਂਗਰਸ ਦਾ ਨਹੀਂ ਬਲਕਿ ਭਾਰਤ ਤੇ ਪਾਕਿਸਤਾਨ ਦਾ ਹੋ ਗਿਆ ਹੈ। ਜ਼ਾਹਿਰ ਹੈ ਕਿ ਬਿਹਾਰ ਚੋਣਾਂ ਵਿਚ ਵੀ ਇਹ ਵੱਡਾ ਮੁੱਦਾ ਬਣ ਸਕਦਾ ਹੈ।

ਐਤਵਾਰ ਦੀ ਸਵੇਰ ਥਰੂਰ ਨੇ ਲਾਹੌਰ ਲਿਟਰੇਚਰ ਫੈਸਟੀਵਲ ਵਿਚ ਵਰਚੁਅਲ ਮਾਧਿਅਮ ਨਾਲ ਸ਼ਾਮਲ ਹੁੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਅਤੇ ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਭਾਜਪਾ ਬੁਲਾਰੇ ਪਾਤਰਾ ਨੇ ਥਰੂਰ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਕੋਰੋਨਾ ਮੈਨੇਜਮੈਂਟ ਵਿਚ ਭਾਰਤ ਨੂੰ ਫੇਲ੍ਹ ਦੱਸਿਆ ਸੀ, ਜਦਕਿ ਭਾਰਤ ਵਿਚ ਸਭ ਤੋਂ ਜ਼ਿਆਦਾ ਰਿਕਵਰੀ ਰੇਟ ਅਤੇ ਸਭ ਤੋਂ ਘੱਟ ਮੌਤ ਦਰ ਹੈ। ਭਾਰਤ ਨੇ ਡੇਢ ਸੌ ਦੇਸ਼ਾਂ ਨੂੰ ਹਾਈਡ੍ਰੋਕਸੀ ਕਲੋਰੋਕੁਈਨ ਦਿੱਤੀ, ਪਰ ਥਰੂਰ ਪਾਕਿਸਤਾਨ ਨੂੰ ਦੱਸ ਰਹੇ ਹਨ ਕਿ ਭਾਰਤ ਫੇਲ੍ਹ ਹੋ ਗਿਆ ਹੈ ਅਤੇ ਪਾਕਿਸਤਾਨ ਬਿਹਤਰ ਹੈ। ਥਰੂਰ ਨੇ ਉੱਤਰ-ਪੂਰਬ ਦੇ ਲੋਕਾਂ ਪ੍ਰਤੀ ਦੇਸ਼ ਵਿਚ ਭੇਦਭਾਵ ਅਤੇ ਤਬਲੀਗੀ ਜਮਾਤ 'ਤੇ ਪਾਬੰਦੀ ਵਰਗੇ ਕਦਮਾਂ ਨੂੰ ਘੱਟ ਗਿਣਤੀਆਂ ਨਾਲ ਭੇਦਭਾਵ ਅਤੇ ਕੱਟੜਤਾ ਕਰਾਰ ਦਿੱਤਾ।

ਪਾਤਰਾ ਨੇ ਕਿਹਾ ਕਿ ਭਾਰਤ ਦਾ ਇਕ ਨੇਤਾ ਅਤੇ ਸੰਸਦ ਮੈਂਬਰ ਪਾਕਿਸਤਾਨ ਵਿਚ ਜਾ ਕੇ ਦੇਸ਼ ਦੀ ਬੁਰਾਈ ਕਰ ਰਿਹਾ ਹੈ। ਪਾਤਰਾ ਨੇ ਕਿਹਾ ਕਿ ਇਹੀ ਸੱਚਾਈ ਹੈ। ਥਰੂਰ ਪਹਿਲੇ ਕਾਂਗਰਸੀ ਨਹੀਂ ਹਨ ਜਿਹੜੇ ਦੂਜੇ ਦੇਸ਼ਾਂ ਵਿਚ ਜਾ ਕੇ ਭਾਰਤ ਦੇ ਅਕਸ ਨੂੰ ਖ਼ਰਾਬ ਦੱਸਦਾ ਹੈ। ਖ਼ੁਦ ਰਾਹੁਲ ਗਾਂਧੀ ਨੇ ਵੀ ਧਾਰਾ 370 ਹਟਾਏ ਜਾਣ ਤੋਂ ਬਾਅਦ ਕਿਹਾ ਸੀ ਕਿ ਇਸ ਕਾਰਨ ਜੰਮੂ-ਕਸ਼ਮੀਰ ਵਿਚ ਸੈਂਕੜੇ ਲੋਕ ਮਾਰੇ ਗਏ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰਾਹੁਲ ਦੇ ਬਿਆਨ ਨੂੰ ਹੀ ਸੰਯੁਕਤ ਰਾਸ਼ਟਰ ਵਿਚ ਇਸਤੇਮਾਲ ਕੀਤਾ।