ਜਾਗਰਣ ਬਿਊਰੋ, ਨਵੀਂ ਦਿੱਲੀ : ਪੈਗਾਸਸ ਜਾਸੂਸੀ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੌਰਾਨ ਭਾਜਪਾ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਫੋਨ 'ਚ ਜਾਸੂਸੀ ਦਾ ਸਾਫਟਵੇਅਰ ਪਾਇਆ ਗਿਆ ਹੈ ਤਾਂ ਐੱਫਆਈਆਰ ਕਿਉਂ ਨਹੀਂ ਕਰਵਾਉਂਦੇ। ਕੋਰੋਨਾ ਵਰਗੇ ਮੁੱਦੇ 'ਤੇ ਚਰਚਾ ਕਰਨ ਤੋਂ ਭੱਜਣ ਅਤੇ ਸੰਸਦ ਨੂੰ ਠੱਪ ਕਰਨ 'ਤੇ ਵਿਰੋਧੀ ਧਿਰ 'ਤੇ ਹਮਲਾ ਕਰਦੇ ਹੋਏ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਦੇਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਉਥੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਯਾਦ ਦਿਵਾਇਆ ਕਿ ਦੂਸਰੀ ਲਹਿਰ ਦੌਰਾਨ ਵਿਰੋਧੀ ਧਿਰ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਸੀ ਪਰ ਹੁਣ ਸੰਸਦ ਠੱਪ ਕਰ ਰਹੀ ਹੈ। ਪਾਤਰਾ ਨੇ ਕੇਰਲ 'ਚ ਕੋਰੋਨਾ ਦੀ ਨਵੀਂ ਲਹਿਰ ਲਈ ਰਾਜ ਸਰਕਾਰ ਦੀ ਤੁਸ਼ਟੀਕਰਨ ਦੀ ਨੀਤੀ ਨੂੰ ਜ਼ਿੰਮੇਵਾਰ ਦੱਸਿਆ ਜਿਸ ਵਿਚ ਬਕਰੀਦ ਤੋਂ ਪਹਿਲਾਂ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਗਈ ਸੀ।

ਮੌਨਸੂਨ ਸੈਸ਼ਨ 'ਚ ਡੇਢ ਹਫਤੇ ਦਾ ਸਮਾਂ ਲੰਘ ਚੁੱਕਾ ਹੈ ਅਤੇ ਸਦਨ ਦੀ ਕਾਰਵਾਈ ਠੱਪ ਹੈ। ਅਜਿਹੇ 'ਚ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਨਕਾਰਾਤਮਕ ਦੱਸਦੇ ਹੋਏ ਕਿਹਾ ਕਿ ਸਦਨ 'ਚ ਬਹਿਸ ਨਹੀਂ ਹੋਣ ਦਿੱਤੀ ਜਾ ਰਹੀ। ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਉਹ ਸਭ ਮੁੱਦਿਆਂ 'ਤੇ ਚਰਚਾ ਲਈ ਤਿਆਰ ਹਨ ਪਰ ਵਿਰੋਧੀ ਧਿਰ ਕਿਸੇ ਖਾਸ ਇਰਾਦੇ ਨਾਲ ਇਸ ਨੂੰ ਰੋਕ ਰਹੀ ਹੈ। ਇਹ ਦੇਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਥੇ ਪਾਤਰਾ ਨੇ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੀ ਇਕਜੁਟਤਾ ਦੇ ਰਾਹੁਲ ਗਾਂਧੀ ਦੇ ਬਿਆਨ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਵਿਰੋਧੀ ਧਿਰ ਦੀ ਏਕਤਾ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਜਨਤਾ ਪਹਿਲਾਂ ਵੀ ਨਕਾਰ ਚੁੱਕੀ ਹੈ। ਉਨ੍ਹਾਂ ਅਨੁਸਾਰ 2017 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਅਜਿਹੀ ਇਕਜੁਟਤਾ ਦਿਖਾ ਰਹੇ ਸਨ ਜਿਸ ਨੂੰ ਜਨਤਾ ਨੇ ਸਿਰੇ ਤੋਂ ਨਕਾਰ ਦਿੱਤਾ। ਉਸ ਤੋਂ ਬਾਅਦ 2018 ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਰੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਕ ਮੰਚ 'ਤੇ ਇਕੱਠੇ ਫੋਟੋ ਖਿੱਚਵਾ ਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਸੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਵਿਰੋਧੀ ਧਿਰ ਨੇ ਇਕਜੁਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਨਤਾ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਸੀ।

ਪਰਿਵਾਰਕ ਹਿੱਤਾਂ ਨੂੰ ਬਚਾਉਣ ਦੀ ਕੋਸ਼ਿਸ਼

ਭਾਜਪਾ ਨੇ ਦੋਸ਼ ਲਾਇਆ ਕਿ ਸਭ ਪਾਰਟੀਆਂ ਵਿਰੋਧੀ ਧਿਰ ਦੀ ਇਕਜੁਟਤਾ ਦੇ ਨਾਅਰੇ ਦੀ ਆੜ 'ਚ ਆਪਣੇ-ਆਪਣੇ ਪਰਿਵਾਰ ਦੇ ਹਿੱਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੰਬਿਤ ਪਾਤਰਾ ਨੇ ਕਿਹਾ ਕਿ ਆਰਜੇਡੀ, ਸਪਾ, ਸ਼ਿਵ ਸੈਨਾ ਅਤੇ ਇਥੋਂ ਤਕ ਕਿ ਕਾਂਗਰਸ 'ਚ ਪਰਿਵਾਰ ਦੇ ਹਿੱਤਾਂ ਨੂੰ ਬਚਾਉਣ ਦੀ ਕਵਾਇਦ ਜਾਰੀ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਅਤੇ ਉੱਨਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੋਰੋਨਾ 'ਤੇ ਚਰਚਾ ਤੋਂ ਭੱਜ ਰਹੀ ਵਿਰੋਧੀ ਧਿਰ

ਪਾਤਰਾ ਨੇ ਕਿਹਾ ਕਿ ਅੱਜ ਪੂੁਰੀ ਦੁਨੀਆ ਸਾਹਮਣੇ ਵੱਡੀ ਚੁਣੌਤੀ ਕੋਰੋਨਾ ਦੀ ਹੈ ਅਤੇ ਸਰਕਾਰ ਇਸ 'ਤੇ ਸੰਸਦ 'ਤੇ ਚਰਚਾ ਕਰਨ ਲਈ ਤਿਆਰ ਹੈ ਪਰ ਦੂਸਰੀ ਲਹਿਰ ਦੌਰਾਨ ਆਪਣੇ ਘਰਾਂ ਵਿਚ ਬੰਦ ਰਹਿਣ ਵਾਲੇ ਨੇਤਾ ਇਸ ਤੋਂ ਬਚਣ ਲਈ ਸੰਸਦ ਨੂੰ ਚੱਲਣ ਨਹੀਂ ਦੇ ਰਹੇ।

Posted By: Sunil Thapa