ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਭਾਜਪਾ 'ਮੋਦੀ ਹੈ ਤਾਂ ਮੁਮਕਿਨ ਹੈ' ਦੇ ਨਾਅਰੇ ਨਾਲ ਜਨਤਾ ਵਿਚਕਾਰ ਜਾਣਗੇ। ਨਵੇਂ ਨਾਅਰੇ ਦਾ ਖ਼ੁਲਾਸਾ ਕਰਦਿਆਂ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਪ੍ਰਮੁੱਖ ਅਰੁਣ ਜੇਤਲੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਆਪਣੀ ਅਣਥਕ ਮਿਹਨਤ ਨਾਲ ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਨੇ ਦੇਸ਼ ਨੂੰ ਨਵੀਂ ਉਚਾਈ ਤਕ ਪਹੁੰਚਾਉਣ ਦਾ ਕੰਮ ਕੀਤਾ ਹੈ। ਮੋਦੀ ਸਰਕਾਰ ਦੀਆਂ ਪ੍ਰਰਾਪਤੀਆਂ ਦਾ ਜ਼ਿਕਰ ਕਰਦਿਆਂ ਜੇਤਲੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ 'ਚ ਏਨਾ ਕੰਮ ਨਹੀਂ ਹੋਇਆ। ਧਿਆਨ ਦੇਣ ਯੋਗ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਇਸ਼ਤਿਹਾਰਾਂ 'ਚ ਮੋਦੀ ਸਰਕਾਰ ਦੀਆਂ ਵੱਡੀਆਂ ਪ੍ਰਰਾਪਤੀਆਂ ਨੂੰ 'ਪ੍ਰਧਾਨ ਮੰਤਰੀ ਨੇ ਮੁਮਕਿਨ 'ਚੋਂ 'ਨਾ' ਕੱਢ ਦਿੱਤਾ ਹੈ' ਦੇ ਨਾਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਸੀ। ਚੋਣਾਂ ਦੇ ਐਲਾਨ ਤੋਂ ਬਾਅਦ ਇਸੇ ਨਾਅਰੇ ਨੂੰ ਹੁਣ ਨਵੇਂ ਰੂਪ 'ਚ 'ਮੋਦੀ ਹੈ ਤਾਂ ਮੁਮਕਿਨ ਹੈਂ' ਦੇ ਰੂਪ 'ਚ ਭਾਜਪਾ ਨੇ ਅਪਨਾ ਲਿਆ ਹੈ।

ਜੇਤਲੀ ਮੁਤਾਬਕ ਪ੍ਰਧਾਨ ਮੰਤਰੀ ਬਗ਼ੈਰ ਕੋਈ ਛੁੱਟੀ ਲਏ ਲਗਾਤਾਰ ਕੰਮ ਕਰ ਰਹੇ ਹਨ ਤੇ ਵੱਖ-ਵੱਖ ਮੁੱਦਿਆਂ 'ਤੇ ਸੀਨੀਅਰ ਅਧਿਕਾਰੀਆਂ ਤੇ ਮੰਤਰੀਆਂ ਨਾਲ ਲੰਬੀ ਬੈਠਕ ਕਰ ਕੇ ਫ਼ੈਸਲੇ ਤੱਕ ਪਹੁੰਚਦੇ ਹਨ। ਯੋਜਨਾਵਾਂ ਤੇ ਪ੍ਰਰੋਗਰਾਮਾਂ ਨੂੰ ਪੂਰਾ ਕਰਨ ਲਈ ਟਾਰਗੈਟ ਤੈਅ ਕਰਦੇ ਹਨ ਤੇ ਫਿਰ ਟਾਰਗੈਟ ਸਮੇਂ ਤੋਂ ਪਹਿਲਾਂ ਪੂਰਾ ਕਰ ਕੇ ਦਿਖਾਉਂਦੇ ਹਨ। ਮੋਦੀ ਨੇ ਕੂਟਨੀਤਕ, ਆਰਥਿਕ ਤੇ ਸਾਮਰਿਕ ਗੁੰਝਲਦਾਰ ਮੁੱਦਿਆਂ ਨੂੰ ਛੇਤੀ ਤੋਂ ਛੇਤੀ ਸਿੱਖਣ ਦੀ ਸਮਰੱਥਾ ਦਿਖਾਈ। ਦੇਸ਼ ਦੇ ਅੰਦਰ ਲੋਕਾਂ ਦਾ ਸਰਕਾਰ 'ਤੇ ਭਰੋਸਾ ਵਧਿਆ ਹੈ ਤੇ ਲੋਕ ਮੰਨਦੇ ਹਨ ਕਿ ਮੋਦੀ ਦੇ ਰਹਿੰਦਿਆਂ ਕੁਝ ਵੀ ਅਸੰਭਵ ਨਹੀਂ ਹੈ। ਅੱਤਵਾਦ ਤੇ ਅੰਦਰੂਨੀ ਸੁਰੱਖਿਆ ਨਾਲ ਵੱਡੇ-ਵੱਡੇ ਫ਼ੈਸਲੇ ਲਏ, ਉਹ ਪਹਿਲਾਂ ਸੰਭਵ ਨਹੀਂ ਸਨ। ਉੜੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਤੇ ਪੁਲਵਾਮਾ ਤੋਂ ਬਾਅਦ ਏਅਰ ਸਟ੍ਰਾਈਕ ਇਸ ਦੀ ਮਿਸਾਲ ਹਨ। ਆਰਥਿਕ ਮੋਰਚਿਆਂ 'ਤੇ ਮੋਦੀ ਸਰਕਾਰ ਦੌਰਾਨ ਭਾਰਤ ਨਾ ਸਿਰਫ਼ ਲਗਾਤਾਰ ਪੰਜ ਸਾਲ ਤਕ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਦੀ ਹੋਈ ਅਰਥਵਿਵਸਥਾ ਬਣਨ 'ਚ ਕਾਮਯਾਬ ਸਾਬਿਤ ਹੋਈ ਹੈ, ਬਲਕਿ ਮਹਿੰਗਾਈ ਨੂੰ ਵੀ ਤੈਅ ਟੀਚੇ ਤੋਂ ਹੇਠਾਂ ਰੱਖਣ 'ਚ ਕਾਮਯਾਬ ਰਹੀ ਹੈ।