ਜਾਗਰਣ ਟੀਮ, ਗਯਾ : ਬਿਹਾਰ 'ਚ ਤੀਜੇ ਦਿਨ ਵੀ ਲੂ ਦਾ ਕਹਿਰ ਨਹੀਂ ਰੁਕਿਆ। ਇੱਥੇ ਮਗਧ ਤੇ ਸ਼ਾਹਾਬਾਦ ਖੇਤਰ ਵਿਚ ਲੂ ਨੇ ਸੋਮਵਾਰ ਨੂੰ ਵੀ 40 ਲੋਕਾਂ ਦੀ ਜਾਨ ਲੈ ਲਈ। ਗਯਾ ਵਿਚ 8, ਨਵਾਦਾ ਵਿਚ 10, ਸਾਸਾਰਾਮ ਵਿਚ 17 ਤੇ ਅੌਰੰਗਾਬਾਦ 'ਚ 5 ਲੋਕ ਲੂ ਦੇ ਸ਼ਿਕਾਰ ਹੋਏ। ਔਰੰਗਾਬਾਦ 'ਚ ਐਤਵਾਰ ਤਕ 69 ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਥੇ ਸਥਿਤੀ ਥੋੜ੍ਹੀ ਕੰਟਰੋਲ ਵਿਚ ਹੈ, ਪਰ ਮਰੀਜ਼ ਲਗਾਤਾਰ ਆ ਰਹੇ ਹਨ। ਸਦਰ ਹਸਪਤਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਕਰੀਬ ਸੌ ਮਰੀਜ਼ ਹਾਲੇ ਵੀ ਦਾਖ਼ਲ ਹਨ। ਮਗਧ ਮੈਡੀਕਲ ਕਾਲਜ, ਗਯਾ ਵਿਚ 106 ਮਰੀਜ਼ ਭਰਤੀ ਸਨ।

ਗਯਾ ਵਿਚ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਮਗਧ ਮੈਡੀਕਲ ਕਾਲਜ ਨੇ ਕੀਤੀ ਹੈ, ਜਦਕਿ ਤਿੰਨ ਹੋਰਨਾਂ ਦੀ ਸਿਹਤ ਕੇਂਦਰਾਂ ਵਿਚ ਮੌਤ ਹੋਈ ਹੈ। ਨਵਾਦਾ ਦੇ ਸਦਰ ਹਸਪਤਾਲ ਪ੍ਰਸ਼ਾਸਨ ਨੇ ਤਿੰਨ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ, ਜਦਕਿ ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਗਿਣਤੀ 10 ਹੈ।

ਔਰੰਗਾਬਾਦ ਦੇ ਸਿਵਲ ਸਰਜਨ ਨੇ ਆਪਣੇ ਇੱਥੇ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਾਸਾਰਾਮ ਵਿਚ ਵੀ ਸਥਾਨਕ ਸਰੋਤ 17 ਲੋਕਾਂ ਦੀ ਮੌਤ ਦੱਸ ਰਹੇ ਹਨ, ਇਸ ਦਾ ਰਿਕਾਰਡ ਵੀ ਹੈ ਪਰ ਸਿਵਲ ਸਰਜਨ ਨੇ ਪੰਜ ਦੇ ਹੀ ਮਰਨ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਪੂਰੇ ਖੇਤਰ ਵਿਚ ਹਫੜਾ-ਦਫੜੀ ਮਚੀ ਹੋਈ ਹੈ।

ਮੌਤ ਦੇ ਜਿਹੜੇ ਅਧਿਕਾਰਤ ਰਿਕਾਰਡ ਹਨ, ਉਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਸਥਿਤੀ ਹੈ। ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਵਿਚ ਕਈ ਮੌਤਾਂ ਹੋਈਆਂ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਰਿਕਾਰਡ ਨਹੀਂ ਹੈ, ਪਰ ਸਥਾਨਕ ਮੁਖੀਆ ਆਦਿ ਉਸ ਦੀ ਪੁਸ਼ਟੀ ਕਰ ਰਹੇ ਹਨ। ਸੋਮਵਾਰ ਨੂੰ ਸਾਸਾਰਾਮ ਵਿਚ ਹੀ ਪੁਲਿਸ ਨੇ ਇਕ ਅਣਪਛਾਤੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ, ਜਿਸ ਵਿਚ ਮੌਤ ਦਾ ਕਾਰਨ ਲੂ ਲੱਗਣਾ ਦਰਸਾਇਆ ਗਿਆ ਹੈ।

80 ਲਾਸ਼ਾਂ ਦਾ ਕੀਤਾ ਸਸਕਾਰ : ਗਯਾ ਦੇ ਵਿਸ਼ਨੂੰਪਦ ਸ਼ਮਸ਼ਾਨਘਾਟ ਵਿਚ ਸੋਮਵਾਰ ਦੇਰ ਸ਼ਾਮ ਤਕ 80 ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਸੀ। ਡੋਮਰਾਜਾ ਭੋਲਾ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿਚ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਤੋਂ ਪਹਿਲਾਂ ਕਦੇ ਇੰਨੀਆਂ ਲਾਸ਼ਾਂ ਨਹੀਂ ਲਿਆਂਦੀਆਂ ਗਈਆਂ ਸਨ। ਇਹ ਲੂ ਦਾ ਹੀ ਕਹਿਰ ਹੈ। ਪੱਛਮੀ ਬੰਗਾਲ ਵਿਚ ਡਾਕਟਰ 'ਤੇ ਹਮਲੇ ਖ਼ਿਲਾਫ਼ ਦੇਸ਼ ਪੱਧਰੀ ਹੜਤਾਲ ਦਾ ਅਸਰ ਮਗਧ ਤੇ ਸ਼ਾਹਾਬਾਦ ਖੇਤਰ ਵਿਚ ਵੀ ਦੇਖਿਆ ਗਿਆ। ਡਾਕਟਰਾਂ ਨੇ ਐਮਰਜੈਂਸੀ ਤੇ ਪਹਿਲਾਂ ਤੋਂ ਦਾਖ਼ਲ ਮਰੀਜ਼ਾਂ ਦਾ ਇਲਾਜ ਜ਼ਰੂਰ ਕੀਤਾ, ਪਰ ਓਪੀਡੀ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਇਸ ਐਮਰਜੈਂਸੀ ਸਥਿਤੀ ਵਿਚ ਵੀ ਰਾਜਨੀਤੀ ਹੁੰਦੀ ਰਹੀ ਅਤੇ ਇਲਾਜ ਨੂੰ ਆਏ ਮਰੀਜ਼ ਵਾਪਸ ਪਰਤਦੇ ਰਹੇ।