ਸਟਾਫ ਰਿਪੋਰਟਰ, ਰਾਜੌਰੀ : ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਕਲਾਲ ਸੈਕਟਰ 'ਚ ਕੰਟਰੋਲ ਰੇਖਾ (ਐੱਲਓਸੀ) 'ਤੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਬਣਾਉਂਦਿਆਂ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ। ਕਰੀਬ ਤਿੰਨ ਅੱਤਵਾਦੀ ਜ਼ਖਮੀ ਵੀ ਹੋਏ ਹਨ। ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਸਰਹੱਦ 'ਤੇ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਗੋਲਾਬਾਰੀ ਕਰ ਕੇ ਚੁੱਕਣ ਨਹੀਂ ਦੇ ਰਹੀ। ਅਲਬੱਤਾ, ਫੌਜ ਨੇ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਅਮਰੀਕੀ ਐੱਮ-16 ਰਾਈਫਲ, 9 ਐੱਮਐੱਮ ਚੀਨੀ ਪਿਸਤੌਲ ਤੇ ਭਾਰੀ ਮਾਤਰਾ 'ਚ ਗੋਲਾ ਬਾਰੂਦ ਦੇ ਨਾਲ 17 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ 28 ਤੇ 29 ਮਈ ਦੀ ਰਾਤ ਨੂੰ ਕਲਾਲ ਸੈਕਟਰ 'ਚ ਸਥਿਤ ਕਬੂੁਤਰਾ ਗਾਲਾ ਖੇਤਰ 'ਚ ਸਰਹੱਦ ਪਾਰ ਤੋਂ ਹਥਿਆਰਾਂ ਨਾਲ ਲੈਸ ਛੇ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਜਦੋਂ ਅੱਤਵਾਦੀ ਭਾਰਤੀ ਇਲਾਕੇ 'ਚ ਦਾਖਲ ਹੋ ਰਹੇ ਸਨ ਤਾਂ ਇਕ ਦਾ ਪੈਰ ਸਰਹੱਦ 'ਤੇ ਵਿਛੀ ਸੁਰੰਗ 'ਚ ਪੈ ਗਿਆ। ਇਸ ਨਾਲ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਇਲਾਕੇ 'ਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਚੌਕਸ ਹੋ ਗਏ ਤੇ ਉਨ੍ਹਾਂ ਨੇ ਲਗਪਗ 400 ਮੀਟਰ ਖੇਤਰ 'ਚ ਫਾਇਰਿੰਗ ਕੀਤੀ। ਦੋਵੇਂ ਪਾਸਿਓਂ ਘੰਟਿਆਬੱਧੀ ਗੋਲ਼ਾਬਾਰੀ ਹੁੰਦੀ ਰਹੀ। ਪਿਛਲੇ ਤਿੰਨ ਦਿਨਾਂ ਤੋਂ ਖੇਤਰ 'ਚ ਖੇਤਰ 'ਚ ਵੱਡੇ ਪੱਧਰ 'ਤੇ ਤਲਾਸ਼ੀ ਵੀ ਸ਼ੁਰੂ ਕੀਤੀ ਗਈ ਸੀ। ਸੋਮਵਾਰ ਨੂੰ ਤਲਾਸ਼ੀ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਜਵਾਨਾਂ ਨੂੰ ਤਿੰਨ ਅੱਤਵਾਦੀਆਂ ਦੀ ਲਾਸ਼ਾਂ ਨਜ਼ਰ ਆਈਆਂ। ਫੌਜ ਦੇ ਜਵਾਨਾਂ ਨੇ ਲਾਸ਼ਾਂ ਚੁੱਕ ਕੇ ਆਪਣੇ ਇਲਾਕੇ 'ਚ ਲਿਆਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ, ਪਰ ਸਰਹੱਦ ਪਾਰ ਤੋਂ ਭਾਰੀ ਗੋਲਾਬਾਰੀ ਕਾਰਨ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਫੌਜ ਦੇ ਜਵਾਨਾਂ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਕੋਲ ਪਏ ਹਥਿਆਰ ਤੇ ਹੋਰ ਗੋਲਾ-ਬਾਰੂਦ ਬਰਾਮਦ ਕਰ ਲਿਆ ਹੈ। ਇਹ ਹਥਿਆਰ ਫੌਜ ਮੰਗਲਵਾਰ ਸਵੇਰੇ ਪੁਲਿਸ ਦੇ ਹਵਾਲੇ ਕਰੇਗੀ। ਇਸ ਦੌਰਾਨ, ਆਈਜੀਪੀ ਪੁਲਿਸ ਜੰਮੂ ਜ਼ੋਨ ਮੁਕੇਸ਼ ਸਿੰਘ ਨੇ ਕਿਹਾ ਕਿ ਫੌਜ ਨੇ ਸਰਹੱਦ 'ਤੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਤੇ ਕੁਝ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦੀ ਭਾਲ 'ਚ ਆਪ੍ਰੇਸ਼ਨ ਜਾਰੀ ਹੈ।