ਨਵੀਂ ਦਿੱਲੀ (ਪੀਟੀਆਈ) : ਪੂਰੇ ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਵੱਡੇ ਪੈਮਾਨੇ 'ਤੇ ਜਾਂਚ ਮੁਹਿੰਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਕਈ ਹੋਰ ਲੈਬਾਂ ਨੂੰ ਕੋਵਿਡ-19 ਦੀ ਜਾਂਚ ਲਈ ਅਧਿਕਾਰਤ ਕੀਤਾ ਹੈ।

ਡਿਪਾਰਟਮੈਂਟ ਆਫ ਬਾਇਓਟੈਕਨਾਲੋਜੀ (ਡੀਬੀਟੀ), ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ (ਡੀਐੱਸਟੀ), ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਤੇ ਡਿਪਾਰਟਮੈਂਟ ਆਫ ਐਟਾਮਿਕ ਰਿਸਰਚ (ਡੀਏਈ) ਦੀ ਲੈਬ 'ਚ ਵੀ ਹੁਣ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ਹੋ ਸਕੇਗੀ।

ਇਹ ਜਾਣਕਾਰੀ ਦਿੰਦਿਆਂ ਆਈਸੀਐੱਮਆਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਦੀਆਂ ਲੈਬਾਂ ਨੂੰ ਕੋਰੋਨਾ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀਸ਼ਦ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਕਿਹਾ ਗਿਆ ਹੈ।

ਆਈਸੀਐੱਮਆਰ ਵੱਲੋਂ ਕਿਹਾ ਗਿਆ ਕਿ ਇਹ ਵਾਇਰਸ ਬਹੁਤ ਹੀ ਖ਼ਤਰਨਾਕ ਹੈ। ਇਸ ਦੇ ਨਮੂਨੇ ਕਈ ਪੱਧਰਾਂ ਤੋਂ ਹੋ ਕੇ ਜਾਂਚ ਲਈ ਪੁੱਜਦੇ ਹਨ। ਕਿਸੇ ਵੀ ਪੱਧਰ 'ਤੇ ਅਣਸਿੱਖਿਅਤ ਮੁਲਾਜ਼ਮ ਨੂੰ ਨਹੀਂ ਲਾਇਆ ਜਾ ਸਕਦਾ। ਜ਼ਰਾ ਜਿਹੀ ਵੀ ਲਾਪਰਵਾਹੀ ਨਾਲ ਇਹ ਵਾਇਰਸ ਲੈਬ ਨੂੰ ਇਨਫੈਕਟਿਡ ਕਰ ਕੇ ਸਭ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।

ਆਈਸੀਐੱਮਆਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਇਨ੍ਹਾਂ ਸੰਸਥਾਵਾਂ ਨੂੰ ਕੋਈ ਜਾਂਚ ਕਿੱਟ ਜਾਂ ਰਸਾਇਣ ਉਪਲੱਬਧ ਨਹੀਂ ਕਰਵਾਏਗੀ। ਇਹ ਲੈਬਾਂ ਸਰਕਾਰੀ ਸੰਸਥਾਵਾਂ ਤੇ ਸਰਕਾਰੀ ਮੁਹਿੰਮਾਂ ਵੱਲੋਂ ਭੇਜੇ ਗਏ ਨਮੂਨਿਆਂ ਦੀ ਹੀ ਜਾਂਚ ਕਰਨਗੀਆਂ। ਪ੍ਰਰੀਸ਼ਦ ਨੇ ਕਿਹਾ ਕਿ ਇਹ ਲੈਬਾਂ ਕਿਉਂਕਿ ਵੱਕਾਰੀ ਸੰਸਥਾਵਾਂ ਦੇ ਅਧੀਨ ਹੈ ਇਸ ਲਈ ਉਹ ਨਾ ਤਾਂ ਇਨ੍ਹਾਂ ਦਾ ਮੌਕਾ ਮੁਆਇਨਾ ਕਰੇਗੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਆਗਿਆ ਸਮਝੌਤਾ ਕਰੇਗੀ।

ਇਸ ਸਬੰਧੀ ਕੋਈ ਸਮਝੌਤਾ ਕਰਨ ਲਈ ਇਨ੍ਹਾਂ ਵਿਭਾਗਾਂ ਦੇ ਸਕੱਤਰ ਹੀ ਢੁੱਕਵੇਂ ਹੋਣਗੇ। ਇਨ੍ਹਾਂ ਜਾਂਚ ਲੈਬਾਂ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਆਈਸੀਐੱਮਆਰ ਦਾ ਇਸ ਨਾਲ ਲੈਣਾ ਦੇਣਾ ਨਹੀਂ ਹੋਵੇਗਾ। ਸਬੰਧਤ ਜਾਂਚ ਲੈਬਾਂ ਨੂੰ ਆਪਣਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਸਰਕਾਰੀ ਵਿਭਾਗਾਂ ਨਾਲ ਸੰਪਰਕ ਸਥਾਪਤ ਕਰਨ ਨੂੰ ਕਿਹਾ ਗਿਆ ਹੈ। ਨਾਲ ਹੀ ਮੈਡੀਕਲ ਕੂੜੇ ਦੇ ਨਿਬੇੜੇ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਗਿਆ ਹੈ।

ਐਂਟੀਬਾਡੀ ਟੈਸਟ ਨੂੰ ਮਨਜ਼ੂਰੀ ਮਿਲਣ ਨਾਲ ਛੇਤੀ ਆਵੇਗੀ ਰਿਪੋਰਟ

ਕੋਰੋਨਾ ਦੀ ਜਾਂਚ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲੈਬਾਂ ਨੂੰ ਅਧਿਕਾਰਤ ਕਰਨ ਦੇ ਨਾਲ ਹੀ ਆਈਸੀਐੱਮਆਰ ਨੇ ਖ਼ੂਨ ਦੇ ਨਮੂਨਿਆਂ ਤੋਂ ਐਂਟੀਬਾਡੀ ਪ੍ਰਰੀਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਐਂਟੀਬਾਡੀ ਪ੍ਰੀਖਣ ਨਾਲ ਜਾਂਚ ਦਾ ਨਤੀਜਾ ਛੇਤੀ ਮਿਲਦਾ ਹੈ। 15 ਤੋਂ 20 ਮਿੰਟ 'ਚ ਇਸ ਦਾ ਨਤੀਜਾ ਮਿਲ ਜਾਵੇਗਾ। ਐਂਟੀਬਾਡੀ ਪ੍ਰੀਖਣ ਦੀ ਇਕ ਸਹੂਲਤ ਇਹ ਵੀ ਹੈ ਕਿ ਘੱਟ ਸਮੇਂ 'ਚ ਜ਼ਿਆਦਾ ਲੋਕਾਂ ਦੀ ਜਾਂਚ ਹੋ ਸਕਦੀ ਹੈ। ਇਸ ਨਾਲ ਜੋ ਇਲਾਕੇ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹਨ ਉਥੇ ਮਰੀਜ਼ਾਂ ਦੀ ਪੁਸ਼ਟੀ ਕਰਨ ਦੇ ਨਾਲ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨ 'ਚ ਸਹੂਲਤ ਮਿਲੇਗੀ। ਸਰਕਾਰ ਨੇ ਹਾਲੇ ਤਕ ਪੀਸੀਆਰ (ਪੈਰੀਮਿਰੇਜ ਚੇਨ ਰਿਐਕਸ਼ਨ) ਟੈਸਟ ਦੀ ਪ੍ਰਵਾਨਗੀ ਦਿੱਤੀ ਹੋਈ ਸੀ। ਮਰੀਜ਼ ਦੇ ਨੱਕ ਤੇ ਗਲੇ ਤੋਂ ਲਏ ਗਏ ਤਰਲ ਨਮੂੁਨਿਆਂ ਦੀ ਇਸ ਜਾਂਚ 'ਚ ਹੁਣ ਕਾਫੀ ਵਕਤ ਲੱਗ ਰਿਹਾ ਸੀ।

ਭਾਰਤੀ ਬਾਇਓਟੈੱਕ ਕੰਪਨੀ ਵਿਕਸਿਤ ਕਰੇਗੀ ਵੈਕਸੀਨ

ਹੈਦਰਾਬਾਦ (ਆਈਏਐੱਨਐੱਸ) : ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਲਈ ਭਾਰਤ ਬਾਇਓਟੈੱਕ ਕੰਪਨੀ ਨੱਕ ਰਾਹੀਂ ਲਈ ਜਾਣ ਵਾਲੀ ਇਕ ਵਿਸ਼ੇਸ਼ ਵੈਕਸੀਨ ਵਿਕਸਿਤ ਕਰ ਰਹੀ ਹੈ।

ਯੂਨੀਵਰਸਿਟੀ ਆਫ ਵਿਸਕਾਂਸਿਨ-ਮੈਡੀਸਨ ਤੇ ਵੈਕਸੀਨ ਨਿਰਮਾਤਾ ਕੰਪਨੀ ਫਲੂਜੇਨ ਦੇ ਵਾਇਰੋਲਾਜਿਸਟ ਨੇ ਭਾਰਤ ਬਾਇਓਟੈੱਕ ਨਾਲ ਰਲ ਕੇ ਕੋਵਿਡ-19 ਖ਼ਿਲਾਫ਼ ਕੋਰੋਫਲੂ ਨਾਂ ਦੀ ਇਸ ਵੈਕਸੀਨ ਨੂੰ ਵਿਕਸਿਤ ਕਰਨ ਲਈ ਪ੍ਰਰੀਖਣ ਸ਼ੁਰੂ ਕਰ ਦਿੱਤੇ ਹਨ।

ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਭਾਰਤ ਬਾਇਓਟੈੱਕ ਨੇ ਦੱਸਿਆ ਕਿ ਅਸੀਂ ਕੋਰੋਫਲੂ ਵੈਕਸੀਨ, ਫਲੂਜੇਨ ਕੰਪਨੀ ਦੀ ਵੈਕਸੀਨ ਐੱਮਟੂਐੱਸਆਰ ਦੇ ਆਧਾਰ 'ਤੇ ਵਿਕਸਿਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਫਲੂ ਦੀ ਐੱਮਟੂਐੱਸਆਰ ਵੈਕਸੀਨ ਯੂਨੀਵਰਸਿਟੀ ਆਫ ਵਿਸਕਾਂਸਿਨ-ਮੈਡੀਸਨ ਦੇ ਵਾਇਰੋਲਾਜਿਸਟ ਤੇ ਵੈਕਸੀਨ ਨਿਰਮਾਤਾ ਕੰਪਨੀ ਫਲੂਜੇਨ ਦੇ ਸੰਸਥਾਪਕਾਂ ਯੋਸ਼ਿਰੋ ਕਾਵਾਓਕਾ ਤੇ ਗੈਬ੍ਰੀਐਲ ਨਿਊਮੈਨ ਨੇ ਈਜ਼ਾਦ ਕੀਤੀ ਸੀ।

ਇਸ ਵੈਕਸੀਨ ਦੇ ਵੱਖ-ਵੱਖ ਪ੍ਰੀਖਣਾਂ 'ਚ ਤਿੰਨ ਤੋਂ ਛੇ ਮਹੀਨੇ ਦਾ ਵਕਤ ਲੱਗ ਸਕਦਾ ਹੈ। ਅਮਰੀਕਾ 'ਚ ਅਕਤੂਬਰ ਤਕ ਇਸ ਦਾ ਮਨੁੱਖਾਂ 'ਤੇ ਪ੍ਰੀਖਣ ਹੋਵੇਗਾ। ਇਸ ਤੋਂ ਬਾਅਦ ਭਾਰਤ ਬਾਇਓਟੈੱਕ ਕੰਪਨੀ ਵੀ ਕੁਝ ਪ੍ਰਰੀਖਣ ਕਰੇਗੀ। ਪ੍ਰੀਖਣ ਸਫਲ ਰਹਿਣ 'ਤੇ ਕੰਪਨੀ 30 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰੇਗੀ।