ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਭਾਜਪਾ ਵਿਧਾਇਕ ਜਯੰਤੀ ਭਾਨੂਸ਼ਾਲੀ ਦੀ ਚੱਲਦੀ ਟ੫ੇਨ 'ਚ ਗੋਲ਼ੀ ਮਾਰ ਕੇ ਹੱਤਿਆ ਦੇ 72 ਘੰਟੇ ਬੀਤਣ ਪਿੱਛੋਂ ਵੀ ਪੁਲਿਸ ਦੋਸ਼ੀਆਂ ਤਕ ਨਹੀਂ ਪਹੁੰਚ ਸਕੀ ਪਰ ਕਈ ਸਨਸਨੀਖੇਜ਼ ਜਾਣਕਾਰੀਆਂ ਜ਼ਰੂਰ ਹੱਥ ਲੱਗੀਆਂ ਹਨ। ਪਤਾ ਲੱਗਾ ਹੈ ਕਿ ਭਾਨੂਸ਼ਾਲੀ ਕਿਸੇ ਦੂਜੇ ਵਿਅਕਤੀ ਦੇ ਨਾਂ 'ਤੇ ਬਣੇ ਫਰਜ਼ੀ ਪਛਾਣ ਪੱਤਰ 'ਤੇ ਯਾਤਰਾ ਕਰ ਰਹੇ ਸਨ। ਉਨ੍ਹਾਂ ਕੋਲ ਲੋਡਿਡ ਰਿਵਾਲਵਰ ਵੀ ਸੀ। ਗੁਜਰਾਤ ਪੁਲਿਸ ਦੀ ਸੀਆਈਡੀ ਅਤੇ ਆਰਪੀਐੱਫ ਦੀ ਵਿਸ਼ੇਸ਼ ਜਾਂਚ ਟੀਮ ਨੇ ਪਿਛਲੇ 72 ਘੰਟੇ 'ਚ ਜਾਂਚ, ਪੁੱਛਗਿੱਛ ਅਤੇ ਘਟਨਾ ਦੇ ਪੁਨਰ ਨਿਰਮਾਣ ਦੇ ਜ਼ਰੀਏ ਤੱਥ ਇਕੱਠੇ ਕੀਤੇ ਹਨ। ਪੁਲਿਸ ਦੀਆਂ ਪੰਜ ਟੀਮਾਂ ਹੱਤਿਆ ਦੀਆਂ ਚਾਰ ਥਿਊਰੀਆਂ 'ਤੇ ਕੰਮ ਕਰ ਰਹੀਆਂ ਹਨ- ਬਦਲਾ, ਸਿਆਸੀ ਰੰਜ਼ਿਸ਼, ਗਲਬੇ ਦੀ ਜੰਗ ਅਤੇ ਸੈਕਸ ਸੀਡੀ ਕਾਂਡ।

ਪੁਲਿਸ ਨੇ ਕਿਹਾ ਕਿ ਭਾਨੂਸ਼ਾਲੀ ਫਰਜ਼ੀ ਪਛਾਣ ਪੱਤਰ 'ਤੇ ਯਾਤਰਾ ਕਰ ਰਹੇ ਸਨ। ਪਛਾਣ ਪੱਤਰ 'ਤੇ ਪੋਟੋ ਤਾਂ ਉਨ੍ਹਾਂ ਦੀ ਹੀ ਹੈ ਪਰ ਨਾਂ ਮਨੀਸ਼ ਨੰਦਾ ਦਾ ਲਿਖਿਆ ਹੈ ਜੋ ਮੁੰਬਈ ਦੇ ਭਾਯੰਦਰ 'ਚ ਰਹਿੰਦੇ ਹਨ। ਭਾਨੂਸ਼ਾਲੀ ਕੋਲ ਇਕ ਲੋਡਿਡ ਰਿਵਾਲਵਰ ਵੀ ਸੀ। ਮੰਨਿਆ ਜਾ ਰਿਹਾ ਹੈ ਕਿ ਜਦੋਂ ਕੂਪ ਦੇ ਸਾਥੀ ਯਾਤਰੀ ਪਵਨ ਮੋਰੇ ਪਖਾਨੇ ਗਏ ਤਦ ਰਾਤ ਕਰੀਬ 12.45 ਵਜੇ ਮੁਲਜ਼ਮਾਂ ਨੇ ਦਰਵਾਜ਼ਾ ਖੁਲ੍ਹਵਾ ਕੇ ਭਾਨੂਸ਼ਾਲੀ ਦੀ ਹੱਤਿਆ ਕਰ ਦਿੱਤੀ। ਇਸ ਵਿਚ ਇਸਤੇਮਾਲ 7.65 ਐੱਮਐੱਮ ਰਿਵਾਲਵਰ ਮੱਧ ਪ੍ਰਦੇਸ਼ ਦੇ ਭਿੰਡ 'ਚ ਬਣੀ ਹੋ ਸਕਦੀ ਹੈ।