ਪ੍ਰਕਾਸ਼ ਗਿੱਲ, ਨਵੀਂ ਦਿੱਲੀ : ਸ਼ੋ੍ਮਣੀ ਅਕਾਲੀ ਦਲ ਨੂੰ ਦਿੱਲੀ 'ਚ ਉਦੋਂ ਮਜ਼ਬੂਤੀ ਮਿਲੀ ਜਦੋਂ ਸਰਨਾ ਦਲ ਛੱਡ ਕੇ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਨੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ ਦਾ ਲੜ ਫੜ ਲਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਸਨ।

ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ 'ਚ ਸ਼ਾਮਲ ਹੋਣ 'ਤੇ ਜ਼ੋਰਦਾਰ ਸਵਾਗਤ ਕੀਤਾ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ 'ਚ ਪੂਰਾ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਸ ਟੀਮ ਦੇ ਕੰਮ ਸਦਕਾ ਸਿਰਫ ਸ਼ੋ੍ਮਣੀ ਅਕਾਲੀ ਦਲ ਹੀ ਨਹੀਂ ਬਲਕਿ ਸਮੁੱਚੇ ਸਿੱਖ ਕੌਮ ਦਾ ਪੂਰੀ ਦੁਨੀਆ 'ਚ ਸਿਰ ਫਖ਼ਰ ਨਾਲ ਉੱਚਾ ਹੋ ਗਿਆ ਹੈ।

ਇਸ ਮੌਕੇ ਸਿਰਸਾ ਤੇ ਕਾਲਕਾ ਨੇ ਵਾਲੀਆ ਦਾ ਆਪਣੀ ਟੀਮ ਸਮੇਤ ਸ਼ੋ੍ਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਐੱਮਪੀਐੱਸ ਚੱਢਾ, ਵਿਕਰਮ ਸਿੰਘ ਰੋਹਿਣੀ, ਸਰਬਜੀਤ ਸਿੰਘ ਵਿਰਕ, ਕੁਲਦੀਪ ਸਿੰਘ ਸਾਹਨੀ, ਸੀਨੀਅਰ ਆਗੂ ਰਵਿੰਦਰ ਸਿੰਘ ਖੁਰਾਣਾ, ਗਗਨ ਸਿੰਘ ਛਿਆਸੀ, ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਖਵਿੰਦਰ ਸਿੰਘ ਬੱਬਰ ਵੀ ਮੌਜੂਦ ਰਹੇ।