ਵਿਸ਼ਾਖਾਪਟਨਮ (ਪੀਟੀਆਈ) : ਇਕ ਦਵਾਈ ਕੰਪਨੀ 'ਚ ਮੰਗਲਵਾਰ ਸਵੇਰੇ ਬੈਂਜਾਮਿਨ ਗੈਸ ਦੇ ਰਿਸਾਅ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਬਿਮਾਰ ਹੋ ਗਏ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਕਾਬੂ 'ਚ ਹੈ ਤੇ ਕੰਪਨੀ ਨੂੰ ਇਹਤਿਆਤ ਵਜੋਂ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਫਾਰਮਾ ਸਿਟੀ ਸਥਿਤ ਸੈਨਰ ਲਾਈਫ ਸਾਇੰਸਿਜ਼ ਯੂਨਿਟ 'ਚ ਘਟਨਾ ਵਾਪਰੀ, ਜਿੱਥੇ ਇਕ ਰਿਐਕਟਰ ਯੂਨਿਟ 'ਚ ਗੈਸ ਦਾ ਰਿਸਾਅ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਰਿਐਕਟਰ 'ਚ ਬੈਂਜਿਨ ਗੈਸ ਪੰਪ ਕੀਤੀ ਰਹੀ ਸੀ।

ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈੱਡੀ ਨੇ ਜ਼ਿਲ੍ਹਾ ਅਧਿਕਾਰੀ ਵੀ ਵਿਨੈ ਚੰਦ ਨੂੰ ਘਟਨਾ ਬਾਰੇ ਪੁੱਿਛਆ ਤੇ ਬਿਮਾਰ ਲੋਕਾਂ ਦੀ ਬਿਹਤਰ ਦੇਖਭਾਲ ਦਾ ਨਿਰਦੇਸ਼ ਦਿੱਤਾ। ਸੂਤਰਾਂ ਨੇ ਕਿਹਾ ਕਿ ਘਟਨਾ 'ਚ ਮਾਰੇ ਗਏ ਲੋਕ ਕੰਪਨੀ ਦੇ ਸੀਨੀਅਰ ਮੁਲਾਜ਼ਮ ਸਨ। ਬਿਮਾਰ ਹੋਏ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ 'ਚ ਇਕ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਾਦਸੇ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਅਧਿਕਾਰੀ ਵਿਨੇ ਚੰਦ ਤੇ ਪੁਲਿਸ ਕਮਿਸ਼ਨਰ ਆਰਕੇ ਮੀਣਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਗੈਸ ਦਾ ਰਿਸਾਅ ਸਿਰਫ਼ ਇਕ ਯੂਨਿਟ ਤਕ ਸੀਮਤ ਸੀ। ਉਨ੍ਹਾਂ ਕਿਹਾ ਕਿ ਬਿਮਾਰ ਲੋਕਾਂ ਦੀ ਹਾਲਤ ਸਥਿਰ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਉਨ੍ਹਾਂ ਨੇ ਅਧਿਕਾਰੀਆਂ ਦੀ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਹੈ।

ਟੀਡੀਪੀ ਦੇ ਪ੍ਰਧਾਨ ਐੱਨ ਚੰਦਰਬਾਬੂ ਨਾਇਡੂ ਨੇ ਘਟਨਾ 'ਤੇ ਚਿੰਤਾ ਪ੍ਰਗਟ ਕੀਤੀ ਤੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਸਰਕਾਰ ਨੂੰ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ।