ਬੇਂਗਲੁਰੂ, ਏਐੱਨਆਈ : ਬੈਂਗਲੁਰੂ 'ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ ਹੈ। ਇਸ ਦੌਰਾਨ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫਾਈਰਿੰਗ ਵੀ ਕਰਨੀ ਪਈ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਕ ਹੋਰ ਵਿਅਕਤੀ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਚਾਨਕ ਭੜਕੀ ਹਿੰਸਾ 'ਚ 60 ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਨੇ ਹੁਣ ਤਕ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬੈਂਗਲੁਰੂ ਦੇ ਡੀਜੇ ਹੱਲੀ ਤੇ ਕੇਜੀ ਹੱਲੀ ਪੁਲਿਸ ਥਾਣੇ ਦੇ ਇਲਾਕੇ 'ਚ ਇਹ ਹਿੰਸਾ ਹੋਈ। ਜਿਸ ਤੋਂ ਬਾਅਦ ਇਲਾਕੇ 'ਚ ਕਰਫਿਊ ਲਾ ਦਿੱਤਾ ਗਿਆ ਹੈ। ਇਸ ਨਾਲ ਹੀ ਬੈਂਗਲੁਰੂ 'ਚ ਧਾਰਾ 144 ਲਾਈ ਗਈ ਹੈ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ ਸ਼ੇਅਰ ਕਰਨ ਦੇ ਦੋਸ਼ੀ ਨਵੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣੋ ਕਿਉਂ ਭੜਕੀ ਹਿੰਸਾ

ਜ਼ਿਕਰਯੋਗ ਹੈ ਕਿ ਪੂਰਾ ਹੰਗਾਮਾ ਇਕ ਭੜਕਾਊ ਸੋਸ਼ਲ ਮੀਡੀਆ ਪੋਸਟ ਦੀ ਵਜ੍ਹਾ ਨਾਲ ਹੋਇਆ। ਦਰਅਸਲ ਬੈਂਗਲੁਰੂ 'ਚ ਕਾਂਗਰਸੀ ਵਿਧਾਇਕ ਸ਼੍ਰੀਨਿਵਾਸ ਮੂਰਤੀ ਦੇ ਭਤੀਜੇ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਕਥਿਤ ਭੜਕਾਊ ਪੋਸਟ ਸ਼ੇਅਰ ਕੀਤਾ ਸੀ। ਹਾਲਾਂਕਿ ਬਾਅਦ 'ਚ ਇਹ ਪੋਸਟ Delete ਵੀ ਕਰ ਦਿੱਤੀ ਗਈ। ਬਾਵਜੂਦ ਇਸ ਦੇ ਭੜਕਾਊ ਪੋਸਟ ਨੂੰ ਲੈ ਕੇ ਵੱਡੀ ਗਿਣਤੀ 'ਚ ਲੋਕਾਂ ਨੇ ਵਿਧਾਇਕ ਸ਼੍ਰੀਨਿਵਾਸ ਮੂਰਤੀ ਦੇ ਬੇਂਗਲੁਰੂ 'ਚ ਸਥਿਤ ਘਰ 'ਤੇ ਹਮਲਾ ਕਰ ਦਿੱਤਾ ਤੇ ਜਮ੍ਹ ਕੇ ਤੋੜਫੋੜ ਕੀਤੀ। ਇਸ ਦੌਰਾਨ ਭੀੜ ਨੇ ਪੁਲਿਸ 'ਤੇ ਵੀ ਪੱਥਰ ਸੁੱਟੇ। ਭੀੜ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਫਾਈਰਿੰਗ ਕੀਤੀ। ਜਿਸ ਤੋਂ ਬਾਅਦ ਇਲਾਕੇ 'ਚ ਕਰਫਿਊ ਲਾ ਦਿੱਤਾ ਗਿਆ।

Posted By: Rajnish Kaur