ਸਟੇਟ ਬਿਊਰੋ, ਕੋਲਕਾਤਾ : ਸਖ਼ਤ ਸੁਰੱਖਿਆ ਵਿਚਾਲੇ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖਰੀ ਗੇੜ ਦਾ ਮਤਦਾਨ ਵੀਰਵਾਰ ਸਵੇਰੇ ਸੱਤ ਵਜੇ ਸ਼ੁਰੂ ਹੋਵੇਗਾ। 294 ਸੀਟਾਂ ਵਾਲੀ ਸੂਬਾਈ ਵਿਧਾਨ ਸਭਾ ਦੀ ਚੋਣ ਦੇ ਅੱਠਵੇਂ ਦੌਰ ’ਚ ਕੋਲਕਾਤਾ ਦੀਆਂ ਸੱਤ, ਬੀਰਭੂਮ ਦੀਆਂ 11, ਮੁਰਸ਼ਿਦਾਬਾਦ ਦੀਆਂ 11 ਤੇ ਮਾਲਦਾ ਜ਼ਿਲ੍ਹੇ ਦੀਆਂ ਛੇ ਸੀਟਾਂ ਸਮੇਤ 35 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਾਈਆਂ ਜਾਣਗੀਆਂ। ਦੋ ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਸੂੁਬੇ ’ਚ ਆਖਰੀ ਤਿੰਨ ਗੇੜਾਂ ਦੀਆਂ ਚੋਣਾਂ ਕਰਵਾਉਣ ਲਈ ਕਮਿਸ਼ਨ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਚਾਨਕ ਕੋਰੋਨਾ ਦੇ ਮਾਮਲਿਆਂ ’ਚ ਵਾਧੇ ਨੇ ਕਮਿਸ਼ਨ ਦੀ ਚਿੰਤਾ ਵਧਾ ਦਿੱਤੀ ਹੈ। ਬੰਗਾਲ ’ਚ ਸ਼ਾਂਤੀਪੂਰਨ ਚੋਣਾਂ ਕਰਵਾਉਣਾ ਕਮਿਸ਼ਨ ਲਈ ਵੱਡੀ ਚੁਣੌਤੀ ਰਹੀ ਹੈ।

ਸੂਬੇ ’ਚ ਸੱਤ ਗੇੜਾਂ ਦੀਆਂ ਚੋਣਾਂ ਖ਼ਤਮ ਹੋ ਚੁੱਕੀਆਂ ਹਨ ਤੇ ਹਾਲੇ ਤਕ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਸਵਾਲ ਖੜ੍ਹੇ ਨਹੀਂ ਹੋਏ। ਵੱਡੀ ਗਿਣਤੀ ’ਚ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕਮਿਸ਼ਨ ਇਸ ਨੂੰ ਅੱਠਵੇਂ ਗੇੜ ’ਚ ਵੀ ਕਾਇਮ ਰੱਖਣਾ ਚਾਹੁੰਦਾ ਹੈ। ਸਿਰਫ਼ ਸੱਤਵੇਂ ਗੇੜ ’ਚ ਕੋਲਕਾਤਾ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ 70 ਫੀਸਦੀ ਤੋਂ ਘੱਟ ਵੋਟਾਂ ਪਈਆਂ। ਇਸ ਤੋਂ ਇਲਾਵਾ ਸਾਰੇ ਗੇੜਾਂ ’ਚ ਬਾਕੀ ਥਾਂ ਮਤਦਾਨ ਦਾ ਫ਼ੀਸਦ ਚੰਗਾ ਰਿਹਾ ਹੈ।

Posted By: Sunil Thapa