ਸਟੇਟ ਬਿਊਰੋ, ਕੋਲਕਾਤਾ : ਬੰਗਾਲ ’ਚ ਕੋਰੋਨਾ ਦੇ ਵਧਦੇ ਕਹਿਰ ਵਿਚਾਲੇ ਵਿਧਾਨ ਸਭਾ ਚੋਣਾਂ ਦੇ ਛੇਵੇਂ ਦੌਰ ਦਾ ਮਤਦਾਨ ਵੀਰਵਾਰ ਨੂੰ ਹੋਵੇਗਾ। ਇਸ ਦੌਰ ’ਚ ਸੂਬੇ ਦੇ ਚਾਰ ਜ਼ਿਲ੍ਹਿਆਂ ਉੱਤਰ 24 ਪਰਗਨਾ, ਉੱਤਰੀ ਦਿਨਜਪੁਰ, ਨਦੀਆ ਤੇ ਪੂਰਬੀ ਬਰਧਮਾਨ ਦੀਆਂ ਕੁੱਲ 43 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ ’ਚ ਉੱਤਰ 24 ਪਰਗਨਾ ਦੀਆਂ ਸਭ ਤੋਂ ਜ਼ਿਆਦਾ 17, ਉੱਤਰੀ ਦਿਨਾਜਪੁਰ ਤੇ ਨਦੀਆ ਦੀਆਂ ਨੌਂ-ਨੌਂ ਤੇ ਪੂਰਬੀ ਬਰਧਮਾਨ ਦੀਆਂ ਅੱਠ ਸੀਟਾਂ ਸ਼ਾਮਲ ਹਨ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਛੇਵੇਂ ਗੇੜ ’ਚ ਕੇਂਦਰੀ ਦਸਤਿਆਂ ਦੀਆਂ ਘੱਟੋ ਘੱਟ 1971 ਕੰਪਨੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਕਰੀਬ 1.03 ਕਰੋੜ ਵੋਟਰ 306 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕਰਨਗੇ।

ਛੇਵੇਂ ਗੇੜ ਦੇ ਪ੍ਰਮੁੱਖ ਉਮੀਦਵਾਰਾਂ ’ਚ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੁਲ ਰਾਏ, ਤ੍ਰਿਣਮੂਲ ਸਰਕਾਰ ਦੇ ਮੰਤਰੀ ਜਯੋਤੀਪਿ੍ਰਆ ਮਲਿਕ, ਉੱਜਵਲ ਵਿਸ਼ਵਾਸ ਤੇ ਸਵਪਨ ਦੇਬਨਾਥ, ਅਦਾਕਾਰਾ ਕੌਸ਼ਿਨੀ ਮੁਖਰਜੀ, ਸੀਪੀਐੱਮ ਦੇ ਤਨਮਏ ਭੱਟਾਚਾਰੀਆ ਤੇ ਕਾਂਗਰਸ ਦੇ ਮੋਹਿਤ ਸੇਨਗੁਪਤਾ ਸ਼ਾਮਲ ਹਨ।

Posted By: Sunil Thapa