ਜੇਐੱਨਐੱਨ, ਪ੍ਰਯਾਗਰਾਜ : ਜੀਵਨਦਾਇਨੀ ਗੰਗਾ, ਯਮੁਨਾ ਅਤੇ ਅਦਿ੍ਸ਼ ਸਰਸਵਤੀ ਦੀ ਤਿ੍ਵੇਣੀ ਪ੍ਰਤੀ ਸ਼ਰਧਾਲੂਆਂ ਦੀ ਅਪਾਰ ਆਸਥਾ ਮੌਸਮ 'ਤੇ ਭਾਰੀ ਪੈ ਗਈ। ਖ਼ਰਾਬ ਮੌਸਮ ਵਿਚਾਲੇ ਸ਼ੁੱਕਰਵਾਰ ਨੂੰ ਪੋਹ ਪੂਰਣਿਮਾ 'ਤੇ ਹੋਣ ਵਾਲੇ ਮਾਘ ਮੇਲੇ ਦੇ ਪਹਿਲੇ ਇਸ਼ਨਾਨ ਲਈ ਕਲਪਵਾਸੀ, ਸਾਧੂ-ਸੰਤ ਅਤੇ ਸ਼ਰਧਾਲੂ ਵੀਰਵਾਰ ਨੂੰ ਸੰਗਮ ਦੀ ਧਰਤੀ 'ਤੇ ਪਹੁੰਚ ਗਏ। ਮੇਲਾ ਪ੍ਰਸ਼ਾਸਨ ਮੁਤਾਬਕ ਮਾਘ ਮੇਲੇ ਵਿਚ ਪੁੱਜੇ ਆਸਥਾਵਾਨ ਸ਼ਰਧਾਲੂਆਂ ਦੀ ਗਿਣਤੀ 15 ਲੱਖ ਦੇ ਕਰੀਬ ਹੈ। ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਪੋਹ ਪੂਰਣਿਮਾ 'ਤੇ ਲਗਪਗ 32 ਲੱਖ ਸ਼ਰਧਾਲੂ ਤਿ੍ਵੇਣੀ ਵਿਚ ਪੁੰਨ ਦੀ ਡੁਬਕੀ ਲਗਾਉਣਗੇ।

ਪੋਹ ਪੂਰਣਿਮਾ ਇਸ਼ਨਾਨ ਦੇ ਨਾਲ ਹੀ ਸੰਗਮ ਤੱਟ 'ਤੇ ਇਕ ਮਹੀਨੇ ਲਈ ਜਪ, ਤਪ, ਇਸ਼ਨਾਨ, ਧਿਆਨ ਅਤੇ ਦਾਨ ਦਾ ਕਲਪਵਾਸ ਸ਼ੁਰੂ ਹੋ ਜਾਵੇਗਾ। ਬੇਮੌਸਮ ਬਾਰਿਸ਼ ਹੋਣ ਅਤੇ ਗੜੇ ਪੈਣ ਨਾਲ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਬੁੱਧਵਾਰ ਨੂੰ ਤਾਂ ਸਥਿਤੀ ਇਹ ਰਹੀ ਕਿ ਤੰਬੂਆਂ ਵਿਚ ਪਾਣੀ ਭਰ ਗਿਆ ਸੀ ਅਤੇ ਦਲਦਲ ਅਤੇ ਚਿੱਕੜ ਨਾਲ ਰਾਹ ਚੱਲਣਾ ਵੀ ਮੁਹਾਲ ਹੋ ਗਿਆ ਸੀ। ਬਿਜਲੀ, ਪਾਣੀ ਅਤੇ ਸੜਕ ਦੀ ਸਮੱਸਿਆ ਆਮ ਹੋ ਗਈ ਸੀ। ਬਾਵਜੂਦ ਇਸ ਦੇ ਸ਼ਰਧਾਲੂਆਂ ਦੀ ਸ਼ਰਧਾ ਪੋਹ ਪੂਰਣਿਮਾ ਦੀ ਪੂਰਵਲੀ ਸ਼ਾਮ 'ਤੇ ਹੀ ਸੰਗਮ ਤੱਟ 'ਤੇ ਦਿਸਣ ਲੱਗੀ ਸੀ। ਵੱਡੀ ਗਿਣਤੀ ਵਿਚ ਸ਼ਰਧਾਲੂ ਵੀਰਵਾਰ ਸਵੇਰ ਤੋਂ ਹੀ ਮੇਲਾ ਖੇਤਰ ਵਿਚ ਪਹੁੰਚਣ ਲੱਗੇ ਸਨ। ਇਨ੍ਹਾਂ ਵਿਚ ਕਲਪਵਾਸੀਆਂ ਤੇ ਸਾਧੂ-ਸੰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ। ਦੇਰ ਸ਼ਾਮ ਤੋਂ ਬਾਅਦ ਵੀ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਚੱਲਦਾ ਰਿਹਾ।