ਜੇਐੱਨਐੱਨ, ਜੋਧਪੁਰ : ਮਾਰਚ 'ਚ ਗਾਹਕਾਂ ਨੂੰ ਬੈਂਕਾਂ ਨਾਲ ਸਬੰਧਤ ਕੰਮਾਂ ਦਾ ਨਿਪਟਾਰਾ ਹੋਲੀ ਤੋਂ ਪਹਿਲਾਂ ਹੀ ਕਰਨਾ ਪਵੇਗਾ। ਵੱਖ-ਵੱਖ ਮੰਗਾਂ ਦੇ ਸਮਰਥਨ 'ਚ ਬੈਂਕ ਮੁਲਾਜ਼ਮਾਂ ਦੀ ਤਿੰਨ ਦਿਨਾ ਹੜਤਾਲ 11 ਤੋਂ 13 ਮਾਰਚ ਤਕ ਹੈ। ਹਾਲਾਂਕਿ ਕੁਝ ਸੂਬਿਆਂ 'ਚ ਗਾਹਕਾਂ ਨੂੰ ਕੁੱਲ 8 ਦਿਨਾਂ 'ਚ ਸਿਰਫ਼ ਇਕ ਹੀ ਦਿਨ ਬੈਂਕ ਸੇਵਾਵਾਂ ਮਿਲ ਸਕਣਗੀਆਂ। ਨਾਲ ਹੀ ਏਟੀਐੱਮ 'ਤੇ ਵੀ ਇਸ ਦਾ ਅਸਰ ਨਜ਼ਰ ਆਵੇਗਾ।

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਅਨੁਸਾਰ ਨਵੰਬਰ 2017 ਤੋਂ ਤਨਖ਼ਾਹ ਸਮਝੌਤੇ 'ਚ ਹੋ ਰਹੀ ਅਣਮਿੱਥੀ ਦੇਰ, ਪੰਜ ਦਿਨ ਬੈਂਕਿੰਗ ਸੇਵਾਵਾਂ, ਕੰਮ ਦਾ ਸਮਾਂ ਨਿਰਧਾਰਤ, ਪੈਨਸ਼ਨ 'ਚ ਸੁਧਾਰ ਆਦਿ ਦੀ ਮੰਗ ਨੂੰ ਲੈ ਕੇ 11, 12 ਤੇ 13 ਮਾਰਚ ਨੂੰ ਬੈਂਕ ਬੰਦ ਰਹਿਣਗੇ।

8 ਤੋਂ 15 ਮਾਰਚ ਤਕ ਸਰਕਾਰੀ ਬੈਂਕਾਂ 'ਚ ਠੱਪ ਰਹੇਗਾ ਕੰਮਕਾਜ

ਦੇਸ਼ ਵਿਚ ਸਰਕਾਰੀ ਬੈਂਕਾਂ ਦਾ ਕੰਮਕਾਜ 8 ਮਾਰਚ ਤੋਂ 15 ਮਾਰਚ ਤਕ ਲਗਾਤਾਰ 8 ਦਿਨਾਂ ਲਈ ਠੱਪ ਰਹਿ ਸਕਦਾ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ 8 ਦਿਨਾਂ ਦੌਰਾਨ ਕਿਹੜੇ ਕਾਰਨਾਂ ਕਰ ਕੇ ਬੈਂਕ ਬੰਦ ਰਹਿਣ ਵਾਲੇ ਹਨ। 8 ਮਾਰਚ ਨੂੰ ਐਤਵਾਰ ਹੈ ਜੋ ਕਿ ਬੈਂਕਾਂ ਦੀ ਛੁੱਟੀ ਦਾ ਦਿਨ ਰਹਿੰਦਾ ਹੈ, ਇਸ ਲਈ ਇਸ ਦਿਨ ਬੈਂਕ ਨਹੀਂ ਖੁੱਲ੍ਹਣਗੇ। 9 ਮਾਰਚ ਨੂੰ ਹੋਲਕਿ ਦਹਿਨ ਵਾਲੇ ਦਿਨ ਦੇਸ਼ ਵਿਚ ਕੁਝ ਥਾਵਾਂ 'ਤੇ ਬੈਂਕ ਬੰਦ ਰਹਿਣਗੇ ਤੇ ਕੁਝ ਜਗ੍ਹਾ ਖੁੱਲ੍ਹੇ ਰਹਿਣਗੇ। ਹੋਲਿਕਾ ਦਹਿਨ ਦੇ ਅਗਲੇ ਦਿਨ 10 ਮਾਰਚ ਨੂੰ ਹੋਲੀ ਦੀ ਰਾਸ਼ਟਰੀ ਛੁੱਟੀ ਰਹੇਗੀ। ਇਸ ਦਿਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 11, 12 ਤੇ 13 ਮਾਰਚ ਨੂੰ ਬੈਂਕਾਂ ਦੀ ਹੜਤਾਲ ਸ਼ੁਰੂ ਹੋ ਜਾਵੇਗੀ। ਤਿੰਨ ਦਿਨਾਂ ਦੀ ਹੜਤਾਲ ਤੋਂ ਬਾਅਦ 14 ਮਾਰਚ ਨੂੰ ਦੂਸਰਾ ਸ਼ਨਿਚਰਵਾਰ ਹੈ, ਜਿਸ ਕਾਰਨ ਬੈਂਕ ਬੰਦ ਰਹਿਣਗੇ ਤੇ ਫਿਰ 8ਵੇਂ ਦਿਨ ਯਾਨੀ 15 ਮਾਰਚ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ। ਇਸ ਤਰ੍ਹਾਂ ਦੇਸ਼ ਭਰ 'ਚ 8 ਮਾਰਚ ਤੋਂ 15 ਮਾਰਚ ਵਿਚਕਾਰ ਬੈਂਕਿੰਗ ਕਾਰਜ ਨਹੀਂ ਹੋ ਸਕਣਗੇ।

Posted By: Seema Anand