ਜੇਐੱਨਐੱਨ, ਨਵੀਂ ਦਿੱਲੀ : ਇਕ ਨਵੰਬਰ ਤੋਂ ਦੇਸ਼ ਵਿਚ ਕਈ ਅਜਿਹੇ ਬਦਲਾਅ ਹੋਣ ਜਾ ਰਹੇ ਹਨ ਜਿਹੜੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਇਨ੍ਹਾਂ ਵਿਚ ਰਸੋਈ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਡਿਪਾਜ਼ਿਟ 'ਤੇ ਵਿਆਜ ਦਰ ਤੇ ਟੋਲ ਟੈਕਸ ਵੀ ਸ਼ਾਮਲ ਹੈ। ਕੁਝ ਨਿਯਮਾਂ ਨਾਲ ਐਮਾਜ਼ੋਨ ਨੂੰ ਫਾਇਦ ਹੋਵੇਗਾ ਤਾਂ ਕੁਝ ਆਮ ਜਨਤਾ 'ਤੇ ਭਾਰੀ ਪੈਣਗੇ। ਅੱਜ ਤੋਂ ਲਾਗੂ ਹੋਣ ਜਾ ਰਹੇ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹਰ ਕਿਸੇ ਨੂੰ ਹੋਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਇਹ ਨਿਯਮ ਕਿਹੜੇ-ਕਿਹੜੇ ਹਨ।

ਘਟ ਗਿਆ ਹੈ ਜਮ੍ਹਾਂ 'ਤੇ ਵਿਆਜ

ਸਟੇਟ ਬੈਂਕ ਆਫ ਇੰਡੀਆ 'ਚ ਅੱਜ ਤੋਂ ਡਿਪਾਜ਼ਿਟ 'ਤੇ ਵਿਆਜ ਦਰਾਂ ਬਦਲ ਗਈਆਂ ਹਨ। SBI ਬੈਂਕ 'ਚ ਹੁਣ ਤਕ ਲੱਖ ਰੁਪਏ ਤਕ ਦੇ ਡਿਪਾਜ਼ਿਟ 'ਤੇ ਵਿਆਜ ਦਰ 0.25 ਫ਼ੀਸਦੀ ਤੋਂ ਘਟਾ ਕੇ 3.25 ਫ਼ੀਸਦੀ ਹੀ ਰਹਿ ਗਈ ਹੈ। ਓਧਰ, ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਡਿਪਾਜ਼ਿਟ 'ਤੇ ਵਿਆਜ ਦਰਾਂ ਨੂੰ ਰੈਪੋ ਦਰਾਂ ਨਾਲ ਜੋੜ ਦਿੱਤਾ ਗਿਆ ਹੈ ਜਿਹੜੀਆਂ ਕਿ ਹੁਣ 3 ਫ਼ੀਸਦੀ ਹਨ। ਐੱਸਬੀਆਈ ਦੇ ਇਸ ਫ਼ੈਸਲੇ ਦਾ ਅਸਰ ਬੈਂਕ ਦੇ 42 ਕਰੋੜ ਗਾਹਕਾਂ 'ਤੇ ਪਵੇਗਾ।

ਲੋਨ 'ਤੇ ਵੀ ਘਟੀ ਵਿਆਜ ਦਰ

ਸਟੇਟ ਬੈਂਕ ਆਫ ਇੰਡੀਆ ਨੇ ਲੋਨ 'ਤੇ ਵੀ ਵਿਆਜ ਦਰ 'ਚ ਕਟੌਤੀ ਕੀਤੀ ਹੈ। ਹੁਣ ਨਵੀਂ ਵਿਆਜ ਦਰ 8.05 ਫ਼ੀਸਦੀ ਹੋ ਗਈ ਹੈ ਜਿਹੜੀ ਕਿ ਪਹਿਲਾਂ 8.15 ਫ਼ੀਸਦੀ ਸੀ। ਬੈਂਕ ਨੇ ਇਹ ਫ਼ੈਸਲਾ ਆਰਬੀਆਈ ਵੱਲੋਂ ਰੈਪੋ ਦਰਾਂ 'ਚ ਕਟੌਤੀ ਤੋਂ ਬਾਅਦ ਲਿਆ ਹੈ। ਕਾਬਿਲੇਗ਼ੌਰ ਹੈ ਕਿ ਕੇਂਦਰੀ ਬੈਂਕ ਨੇ ਰੈਪੋ ਦਰਾਂ ਨੂੰ 5.40 ਫ਼ੀਸਦੀ ਤੋਂ ਘਟਾ ਕੇ 5.15 ਫ਼ੀਸਦੀ ਕਰ ਦਿੱਤਾ ਸੀ।

ਮਹਿੰਗੀ ਹੋ ਗਈ ਰਸੋਈ ਗੈਸ

ਅੱਜ ਤੋਂ ਦੇਸ਼ ਦੇ ਕਈ ਮਹਾਨਗਰਾਂ 'ਚ ਗੈਸ ਸਿਲੰਡਰ ਦੀਆਂ ਕੀਮਤਾਂ ਵਧ ਗਈਆਂ ਹਨ। ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਦਾ ਲਗਾਤਾਰ ਤੀਸਰਾ ਮਹੀਨਾ ਹੈ। ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ ਦੇਸ਼ ਦੇ ਕਈ ਮਹਾਨਗਰਾਂ 'ਚ ਕਰੀਬ 76.5 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਦੀ ਗੱਲ ਕਰੀਏ ਤਾਂ ਅੱਜ ਇੱਥੇ 14.2 ਕਿੱਲੋਗ੍ਰਾਮ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 681.50 ਰੁਪਏ ਹੋ ਗਈ ਹੈ। ਉੱਥੇ ਹੀ ਕੋਲਕਾਤਾ, ਮੁੰਬਈ ਤੇ ਚੇਨਈ 'ਚ ਇਸ ਦੀ ਕੀਮਤ ਲੜੀਵਾਰ: 706, 651 ਤੇ 696 ਰੁਪਏ ਹੈ। ਇਸ ਤੋਂ ਇਲਾਵਾ 19 ਕਿੱਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਲੜੀਵਾਰ 1204, 1258, 1151.50 ਤੇ 1319 ਰੁਪਏ ਹੋ ਗਈ ਹੈ।

ਵੱਡੇ ਕਾਰੋਬਾਰੀ ਦੇਣਗੇ ਡਿਜੀਟਲ ਭੁਗਤਾਨ ਦੀ ਸਹੂਲਤ

ਅੱਜ ਤੋਂ ਵੱਡੇ ਕਾਰੋਬਾਰੀਆਂ ਵੱਲੋਂ ਡਿਜੀਟਲ ਪੇਮੈਂਟਸ ਦੀ ਸਹੂਲਤ ਦੇਣੀ ਲਾਜ਼ਮੀ ਹੋ ਗਈ ਹੈ। ਹੁਣ 50 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਾਲਾਨਾ ਟਰਨਓਵਰ ਵਾਲੇ ਕਾਰੋਬਾਰ ਨੂੰ ਆਪਣੇ ਗਾਹਕਾਂ ਲਈ ਘੱਟ ਲਾਗਤ ਵਾਲੇ ਭੁਗਤਾਨ ਦੇ ਡਿਜੀਟਲ ਮਾਧਿਅਮ ਦੀ ਸਹੂਲਤ ਦੇਣੀ ਪਵੇਗੀ।

ਵਧ ਗਿਆ ਟੋਲ ਟੈਕਸ

ਦਿੱਲੀ-ਮੇਰਠ ਐਕਸਪ੍ਰੈੱਸ-ਵੇਅ 'ਤੇ ਅੱਜ ਤੋਂ ਟੋਲ ਟੈਕਸ 'ਚ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਹੋਣ ਕਾਰ, ਜੀਪ, ਵੈਨ ਤੇ ਹਲਕੇ ਵਾਹਨਾਂ ਲਈ ਇਕ ਸਾਈਟ ਦਾ ਟੋਲ 125 ਰੁਪਏ ਤੇ ਦੋਵਾਂ ਪਾਸਿਆਂ ਦਾ ਟੋਲ 200 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਮਾਸਿਕ ਪਾਸ ਵੀ ਮਹਿੰਗੇ ਹੋ ਗਏ ਹਨ।

ਬੈਂਕਾਂ ਦਾ ਬਦਲ ਗਿਆ ਟਾਈਮ

ਮਹਾਰਾਸ਼ਟਰ 'ਚ ਅੱਜ ਤੋਂ ਬੈਂਕਾਂ ਦੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। ਸੂਬੇ 'ਚ ਅੱਜ ਤੋਂ ਸਾਰੇ ਬੈਂਕਾਂ ਦਾ ਇੱਕੋ ਹੀ ਟਾਈਮ ਟੇਬਲ ਹੋ ਗਿਆ ਹੈ। ਹੁਣ ਇੱਥੇ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੇ ਕੰਮਕਾਜ ਬੰਦ ਹੋਣ ਦਾ ਸਮਾਂ 4 ਵਜੇ ਹੋ ਗਿਆ ਹੈ। ਇਸ ਵਿਚ ਅਪਵਾਦ ਸਰੂਪ ਕੁਝ ਬੈਂਕ ਅਜਿਹੇ ਹੋਣਗੇ ਜਿਹੜੇ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤਕ ਹੀ ਖੁੱਲ੍ਹਣਗੇ।

Posted By: Seema Anand