ਸਟੇਟ ਬਿਊਰੋ, ਕੋਲਕਾਤਾ : ਲਾਕਡਾਊਨ ਕਾਰਨ ਕੌਮਾਂਤਰੀ ਸਰਹੱਦ ਤੋਂ ਹੋ ਕੇ ਬੰਗਾਲ ਸਮੇਤ ਕੋਲਕਾਤਾ 'ਚ ਵੱਡੀ ਗਿਣਤੀ 'ਚ ਹੋਣ ਵਾਲੀ ਸੋਨੇ ਤੇ ਹੋਰ ਚੀਜ਼ਾਂ ਦੀ ਸਮੱਗਲਿੰਗ ਰੁਕ ਗਈ ਹੈ। ਇਸ ਨਾਲ ਸੁਰੱਖਿਆ ਏਜੰਸੀਆਂ ਨੂੰ ਵੀ ਰਾਹਤ ਮਿਲੀ ਹੈ। ਡੀਆਰਆਈ ਦੀ ਕੋਲਕਾਤਾ ਜ਼ੋਨਲ ਯੂਨਿਟ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਕਿਉਂਕਿ ਰੇਲਗੱਡੀ ਤੋਂ ਲੈ ਕੇ ਬੱਸ ਸਮੇਤ ਸਾਰੀਆਂ ਆਵਾਜਾਈ ਸੇਵਾਵਾਂ ਬੰਦ ਹਨ ਅਜਿਹੇ 'ਚ ਸਮੱਗਲਰਾਂ ਦੀਆਂ ਸਰਗਰਮੀਆਂ ਵੀ ਫਿਲਹਾਲ ਰੁਕ ਗਈਆਂ ਹਨ। ਕਿਤੇ ਵੀ ਆਉਣ-ਜਾਣ 'ਤੇ ਜਗ੍ਹਾ-ਜਗ੍ਹਾ ਚੈਕਿੰਗ ਹੋ ਰਹੀ ਹੈ। ਅਜਿਹੇ 'ਚ ਸਮੱਗਲਿੰਗ 'ਤੇ ਰੋਕ ਲਾਉਣੀ ਲਾਜ਼ਮੀ ਹੈ। ਇਸ ਦੇ ਬਾਵਜੂਦ ਅਸੀਂ ਲੋਕ ਪੂਰੀ ਤਰ੍ਹਾਂ ਚੌਕਸ ਹਾਂ।

ਬੰਗਲਾਦੇਸ਼ ਤੇ ਮਿਆਂਮਾਰ ਤੋਂ ਹੋ ਕੇ ਅਕਸਰ ਬੰਗਾਲ 'ਚ ਵੱਡੀ ਗਿਣਤੀ 'ਚ ਸੋਨੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਖਾਸ ਕਰ ਕੇ ਪੂਰਬ ਉੱਤਰੀ ਸੂਬਿਆਂ ਰਾਹੀਂ ਉੱਤਰ ਬੰਗਾਲ ਦੇ ਰਸਤਿਓਂ ਵਿਦੇਸ਼ੀ ਸੋਨੇ ਦੀ ਖੇਪ ਕੋਲਕਾਤਾ ਪੁੱਜਦੀ ਹੈ। ਰੇਲ ਗੱਡੀਆਂ ਜਾਂ ਬੱਸਾਂ ਰਾਹੀਂ ਸਮੱਗਲਰਾਂ ਵੱਲੋਂ ਸੋਨੇ ਦੇ ਬਿਸਕੁੱਟਾਂ ਆਦਿ ਨੂੰ ਕੋਲਕਾਤਾ ਲਿਆਂਦਾ ਜਾਂਦਾ ਹੈ। ਡੀਆਰਆਈ ਅਕਸਰ ਇਸ ਤਰ੍ਹਾਂ ਦੀ ਨਾਜਾਇਜ਼ ਸੋਨੇ ਦੀ ਖੇਪ ਫੜਦੀ ਰਹਿੰਦੀ ਹੈ।