ਹਰਿਦੁਆਰ : ਯੂਨਾਈਟਡ ਨੇਸ਼ਨ ਸਸਟੇਨੇਬਲ ਡਿਵੈਲਪਮੈਂਟ ਗੋਲ (ਯੂਐੱਨਐੱਸਡੀਜੀ) ਨੇ ਪਤੰਜਲੀ ਯੋਗਪੀਠ ਦੇ ਮਹਾ ਮੰਤਰੀ ਅਚਾਰੀਆ ਬਾਲਕ੍ਰਿਸ਼ਨ ਨੂੰ ਸਿਹਤ ਦੇ ਖੇਤਰ 'ਚ ਕੰਮ ਕਰਨ ਵਾਲੇ 10 ਅਸਰਦਾਰ ਲੋਕਾਂ 'ਚ ਸ਼ਾਮਿਲ ਕੀਤਾ ਹੈ।

ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਯੂਐੱਨਐੱਸਡੀਜੀ ਤੋਂ ਮਿਲਿਆ ਇਹ ਐਵਾਰਡ ਪਤੰਜਲੀ ਹੀ ਨਹੀਂ, ਬਲਿਕ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਚਾਰੀਆ ਬਾਲਕ੍ਰਿਸ਼ਨ ਨੇ ਜਨੇਵਾ 'ਚ ਸਿਹਤ ਸੰਮੇਲਨ ਨੂੰ ਸੰਸਕ੍ਰਿਤ 'ਚ ਸੰਬੋਧਨ ਕੀਤਾ।

ਐਤਵਾਰ ਨੂੰ ਹਰਿਦੁਆਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਯੋਗ ਗੁਰੂ ਨੇ ਕਿਹਾ ਕਿ ਅਚਾਰੀਆ ਨੂੰ ਮਿਲੇ ਐਵਾਰਡ ਤੋਂ ਸਾਫ਼ ਹੈ ਕਿ ਦੁਨੀਆ 'ਚ ਯੋਗ ਦੇ ਨਾਲ ਹੀ ਆਯੁਰਵੇਦ ਨੂੰ ਵੀ ਪਛਾਣ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਹਾਸਲ ਕਰਨ ਵਾਲੇ ਅਚਾਰੀਆ ਬਾਲਕ੍ਰਿਸ਼ਨ ਪਹਿਲੇ ਭਾਰਤੀ ਹਨ। ਬਾਬਾ ਰਾਮੇਦਵ ਨੇ ਕਿਹਾ ਕਿ ਜਨੇਵਾ 'ਚ ਸਿਹਤ ਸੰਮੇਲਨ 'ਚ ਅਚਾਰੀਆ ਬਾਲਕ੍ਰਿਸ਼ਨ ਨੇ ਯੋਗ ਤੇ ਆਯੁਰਵੇਦ ਦੀ ਅਹਿਮੀਅਤ 'ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਪਤੰਜਲੀ ਖੋਜਸ਼ਾਲਾ 'ਚ ਹਜ਼ਾਰਾ ਸਾਲਾਂ ਤੋਂ ਚੱਲਦੀ ਆ ਰਹੀ ਸ਼ਾਸਤਰੀ ਸ਼ਧੀ ਦੇ ਅਸਰ ਨੂੰ ਆਧੁਨਿਕ ਵਿਗਿਆਨ ਰਾਹੀਂ ਸਾਬਿਤ ਕਰਨ ਲਈ ਖੋਜ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਸੁਪਰ ਬ੍ਰਾਂਡ

ਯੋਗ ਗੁਰੂ ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਪਰ ਬ੍ਰਾਂਡ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਲੋਕਾਂ ਨੂੰ ਢੇਰ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਕਰਨ ਤੋਂ ਇਲਾਵਾ ਰਾਮ ਮੰਦਰ ਤੇ ਅਬਾਦੀ ਕੰਟਰੋਲ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਰਲੇਵਾਂ ਹੋਣਾ ਚਾਹੀਦਾ ਹੈ।

ਯੋਗ ਗੁਰੂ ਨੇ ਕਿਹਾ ਕਿ ਦੇਸ਼ ਸੁਰੱਖਿਆ ਦੇ ਮੁੱਦੇ 'ਤੇ ਜਾਗਰੂਕ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ 'ਤੇ ਵਿਚੋਲਗੀ ਕਮੇਟੀ ਅਜੇ ਤਕ ਕੁਝ ਖ਼ਾਸ ਨਹੀਂ ਕਰ ਸਕੀ। ਸੁਪਰੀਮ ਕੋਰਟ ਨੂੰ ਇਸ 'ਤੇ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸਰਕਾਰ ਸ਼ਰਾਬ ਬੰਦੀ ਤੇ ਗਊ ਹੱਤਿਆ 'ਤੇ ਪਾਬੰਦੀ ਲਗਾਏਗੀ। ਸਵਾਲ ਉਠਾਇਆ ਕਿ ਜਦੋਂ ਇਸਲਾਮਿਕ ਦੇਸ਼ਾਂ 'ਚ ਸ਼ਰਾਬ ਦੀ ਫੈਕਟਰੀ ਨਹੀਂ ਹੋ ਸਕਦੀ ਤਾਂ ਫਿਰ ਰਿਸ਼ੀਆਂ ਮੁਨੀਆਂ ਦੇ ਦੇਸ਼ ਭਾਰਤ 'ਚ ਕਿਉਂ?