ਬਾਲੇਸ਼ਵਰ : ਆਪਣੀਆਂ ਸਰਹੱਦਾਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਫ਼ੌਜ ਨੂੰ ਤਾਕਤਵਰ ਬਣਾਉਣ ਦੀ ਦਿਸ਼ਾ 'ਚ ਦੇਸ਼ ਨੇ ਇਕ ਹੋਰ ਕਦਮ ਅੱਗੇ ਵਧਾ ਦਿੱਤਾ ਹੈ। ਸ਼ਨਿਚਰਵਾਰ ਨੂੰ ਬੈਲਿਸਟਿਕ ਮਿਜ਼ਾਈਲ ਅਗਨੀ-2 ਦਾ ਰਾਤ ਨੂੰ ਪਹਿਲੀ ਵਾਰ ਸਫਲ ਪ੍ਰੀਖਣ ਕੀਤਾ ਗਿਆ। 2,000 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਪਰਮਾਣੂ ਹਮਲਾ ਕਰਨ ਵਿਚ ਸਮਰੱਥ ਇਸ ਮਿਜ਼ਾਈਲ ਦੀ ਪਹੁੰਚ ਵਿਚ ਪਾਕਿਸਤਾਨ, ਚੀਨ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ ਆਉਂਦੇ ਹਨ।

ਭਾਰਤ ਆਪਣੀਆਂ ਮਿਜ਼ਾਈਲਾਂ ਦਾ ਪ੍ਰੀਖਣ ਓਡੀਸ਼ਾ ਦੇ ਬੰਗਾਲ ਦੀ ਖਾੜੀ ਸਥਿਤ ਚਾਂਦੀਪੁਰ ਦੇ ਪ੍ਰੀਖਣ ਸਥਾਨ ਇਕ, ਦੋ ਅਤੇ ਤਿੰਨ ਨੰਬਰ ਜਾਂ ਫਿਰ ਅਬਦੁੱਲ ਕਲਾਮ ਦੀਪ ਦੇ ਚਾਰ ਨੰਬਰ ਲਾਂਚਿੰਗ ਕੰਪਲੈਕਸ ਤੋਂ ਕਰਦਾ ਹੈ। ਸ਼ਨਿਚਰਵਾਰ ਨੂੰ ਅਬਦੁੱਲ ਕਲਾਮ ਦੀਪ ਦੇ ਚਾਰ ਨੰਬਰ ਲਾਂਚਿੰਗ ਪੈਡ ਤੋਂ ਰਾਤ 7.32 ਵਜੇ 'ਤੇ ਅਗਨੀ-2 ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ, ਜਿਹੜਾ ਸਫਲ ਰਿਹਾ।

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਮਦਦ ਨਾਲ ਫ਼ੌਜ ਦੇ ਜੰਗੀ ਫੋਰਸ ਕਮਾਨ ਨੇ ਪ੍ਰੀਖਣ ਨੂੰ ਅੰਜਾਮ ਦਿੱਤਾ। ਇਸ ਮੌਕੇ ਡੀਆਰਡੀਓ ਅਤੇ ਅੰਤ੍ਰਿਮ ਪ੍ਰੀਖਣ ਪ੍ਰੀਸ਼ਦ (ਆਈਟੀਆਰ) ਨਾਲ ਜੁੜੇ ਸੀਨੀਅਰ ਵਿਗਿਆਨਕ ਅਤੇ ਅਧਿਕਾਰੀਆਂ ਦਾ ਦਲ ਮੌਜੂਦ ਸੀ। ਨੇੜ ਭਵਿੱਖ ਵਿਚ ਭਾਰਤ ਹੋਰ ਕਈ ਮਿਜ਼ਾਈਲਾਂ ਦਾ ਪ੍ਰੀਖਣ ਕਰ ਸਕਦਾ ਹੈ।

ਇਹ ਹੈ ਖ਼ਾਸੀਅਤ

ਦੇਸ਼ ਵਿਚ ਹੀ ਬਣਾਈ ਗਈ 21 ਮੀਟਰ ਲੰਬੀ, ਇਕ ਮੀਟਰ ਚੌੜੀ, 17 ਟਨ ਵਜ਼ਨ ਵਾਲੀ ਇਹ ਮਿਜ਼ਾਈਲ 1000 ਕਿੱਲੋਗ੍ਰਾਮ ਤਕ ਵਿਸਫੋਟਕ ਲਿਜਾਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਮਾਰਕ ਸਮਰੱਥਾ 2000 ਕਿਲੋਮੀਟਰ ਤਕ ਹੈ। ਇਹ ਠੋਸ ਈਂਧਨ ਨਾਲ ਸੰਚਾਲਤ ਬੈਲਿਸਟਿਕ ਮਿਜ਼ਾਈਲ ਹੈ।

Posted By: Jagjit Singh