ਨਵੀਂ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਟ੍ਰੇਨਿੰਗ ਕੈਂਪ 'ਤੇ ਭਾਰਤੀ ਹਵਾਈ ਹਵਾਈ ਫ਼ੌਜ ਦੇ ਹਮਲੇ ਕਾਰਨ ਹੋਈ ਤਬਾਹੀ ਨੇ ਜੈਸ਼-ਏ-ਮੁਹੰਮਦ ਦਾ ਲੱਕ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਖ਼ੁਦ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਛੋਟੇ ਭਰਾ ਮੌਲਾਨਾ ਅੰਮਾਰ ਨੇ ਕੀਤੀ ਹੈ। ਉਸ ਦਾ ਇਕ ਆਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਭਾਰਤੀ ਹਵਾਈ ਫ਼ੌਜ ਦੇ ਹਮਲੇ ਨਾਲ ਹੋਈ ਤਬਾਹੀ ਦਾ ਰੋਣਾ ਰੋ ਰਿਹਾ ਹੈ।

ਦੂਸਰੇ ਪਾਸੇ ਪਾਕਿਸਤਾਨ 'ਤੇ ਵੀ ਭਾਰਤ ਦੀ ਅਗਵਾਈ 'ਚ ਪੈ ਰਹੇ ਚੁਫੇਰਿਓਂ ਕੌਮਾਂਤਰੀ ਦਬਾਅ ਦਾ ਅਸਰ ਦਿਸ ਰਿਹਾ ਹੈ। ਇਕ ਦਿਨ ਪਹਿਲਾਂ ਹੀ ਉਸ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਵੀਕਾਰ ਕੀਤਾ ਸੀ ਕਿ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਪਾਕਿਸਤਾਨ ਵਿਚ ਪਨਾਹ ਲਈ ਹੋਈ ਹੈ। ਮਸੂਦ ਅਜ਼ਹਰ ਦਾ ਭਰਾ ਅੰਮਾਰ ਜੈਸ਼ ਵੀ ਜੇਹਾਦੀ ਗਤੀਵਿਧੀਆਂ ਦਾ ਹਿੱਸਾ ਹੈ।

ਬਾਲਾਕੋਟ ਵਿਚ ਚੱਲ ਰਹੀ ਜੇਹਾਦ ਦੀ ਫੈਕਟਰੀ ਦੀ ਦੇਖ-ਰੇਖ ਵਿਚ ਵੀ ਅੰਮਾਰ ਦੀ ਭੂਮਿਕਾ ਅਹਿਮ ਹੁੰਦੀ ਸੀ। ਉਹ ਜੈਸ਼ ਦੇ ਤਮਾਮ ਅੱਤਵਾਦੀ ਟ੍ਰੇਨਿੰਗ ਕੈਂਪ ਵਿਚ ਕਸ਼ਮੀਰ ਦੇ ਨਾਂ 'ਤੇ ਨੌਜਵਾਨਾਂ ਵਿਚ ਭਾਰਤ ਪ੍ਰਤੀ ਨਫ਼ਰਤ ਭਰਨ ਦਾ ਕੰਮ ਵੀ ਕਰਦਾ ਹੈ।

ਬਾਲਾਕੋਟ ਵਿਚ ਅੱਤਵਾਦੀ ਟ੍ਰੇਨਿੰਗ ਕੈਂਪ 'ਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਦੇ ਦੋ ਦਿਨਾਂ ਬਾਅਦ ਯਾਨਿ 28 ਫਰਵਰੀ ਨੂੰ ਪਿਸ਼ਾਵਰ ਵਿਚ ਇਕ ਜਲਸੇ ਵਿਚ ਅੰਮਾਰ ਨੇ ਆਪਣਾ ਦੁਖੜਾ ਰੋਇਆ। ਉਸ ਜਲਸੇ ਵਿਚ ਮੌਜੂਦ ਰਹੇ ਕੁਝ ਬਲੂਚ ਲੋਕਾਂ ਨੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਅੰਮਾਰ ਦੇ ਭਾਸ਼ਣ ਦਾ ਆਡੀਓ ਮੁਹੱਈਆ ਕਰਵਾਇਆ ਹੈ।

ਅੰਮਾਰ ਨੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਨੂੰ ਦੇਸ਼ਮਣ ਵੱਲੋਂ ਐਲਾਨ-ਏ-ਜੰਗ ਕਰਾਰ ਦਿੱਤਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਜੈਸ਼ ਦੇ ਹੈੱਡਕੁਆਰਟਰ 'ਤੇ ਹਮਲਾ ਨਹੀਂ ਕੀਤਾ ਬਲਕਿ ਇਹ ਹਮਲਾ ਉਸ ਜਗ੍ਹਾ 'ਤੇ ਕੀਤਾ ਗਿਆ ਜਿੱਥੇ ਜੈਸ਼ ਦੇ ਅਧਿਕਾਰੀਆਂ ਦੀ ਬੈਠਕ ਹੋਇਆ ਕਰਦੀ ਸੀ ਅਤੇ ਜੇਹਾਦ ਦੀ ਤਾਲੀਮ ਦਿੱਤੀ ਜਾਂਦੀ ਸੀ।

ਅੰਮਾਰ ਨੇ ਇਹ ਪੋਲ ਵੀ ਖੋਲ੍ਹ ਦਿੱਤੀ ਹੈ ਕਿ ਉਸ ਕੈਂਪ ਵਿਚ ਜੇਹਾਦੀ ਕਸ਼ਮੀਰ ਦੇ ਨਾਂ 'ਤੇ ਹੀ ਇਕੱਠੇ ਹੁੰਦੇ ਸਨ। ਉਸ ਦੇ ਭਾਸ਼ਣ ਤੋਂ ਸਪਸ਼ਟ ਹੈ ਕਿ ਟ੍ਰੇਨਿੰਗ ਕੈਂਪ ਵਿਚ ਉੱਥੇ ਆਏ ਲੋਕਾਂ ਨੂੰ ਕਸ਼ਮੀਰ ਦੇ ਨਾਂ 'ਤੇ ਭੜਕਾਇਆ ਜਾਂਦਾ ਸੀ। ਭਾਰਤ ਪ੍ਰਤੀ ਨਫ਼ਰਤ ਭਰੇ ਭਾਸ਼ਣ ਵਿਚ ਉਸ ਨੇ ਆਪਣੇ ਕਾਰਕੁੰਨਾ ਦੇ ਭਾਰਤ ਵਿਚ ਦਾਖ਼ਲ ਹੋਣ ਅਤੇ ਫ਼ੌਜੀਆਂ 'ਤੇ ਹਮਲੇ ਦੀ ਧਮਕੀ ਵੀ ਦਿੱਤੀ ਹੈ।

ਖ਼ੁਫ਼ੀਆ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਇਹ ਆਡੀਓ ਇਕ ਦਿਨ ਪਹਿਲਾਂ ਸਥਾਨਕ ਲੋਕਾਂ ਨੇ ਮੁਹੱਈਆ ਕਰਵਾਇਆ ਹੈ। ਪਿਸ਼ਾਵਰ ਵਿਚ ਜੈਸ਼ ਦਾ ਇਹ ਜਲਸਾ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੀਆਂ ਫ਼ੌਜੀ ਏਜੰਸੀਆਂ ਦੀ ਪਨਾਹ ਵਿਚ ਕੀਤਾ ਗਿਆ। ਇਸ ਦਾ ਮਕਸਦ ਭਾਰਤ ਵੱਲੋਂ ਹੋਏ ਹਮਲੇ ਤੋਂ ਬਾਅਦ ਜੈਸ਼ ਦੇ ਅੱਤਵਾਦੀਆਂ ਵਿਚਕਾਰ ਭਰੋਸਾ ਕਾਇਮ ਕਰਨਾ ਸੀ। ਮਸੂਦ ਅਜ਼ਹਰ ਵੀ ਇੱਥੇ ਅੱਤਵਾਦੀਆਂ ਨੂੰ ਕਈ ਵਾਰ ਸੰਬੋਧਨ ਕਰ ਚੁੱਕਾ ਹੈ। ਇਹ ਆਡੀਓ ਅਜਿਹੇ ਸਮੇਂ ਮਿਲਦਾ ਹੈ ਜਦੋਂ ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਇਹ ਸਵੀਕਾਰ ਕੀਤਾ ਹੈ ਕਿ ਜੈਸ਼ ਦਾ ਮੁਖੀ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੈ ਅਤੇ ਬੇਹੱਦ ਬਿਮਾਰ ਹੈ। ਕੁਰੈਸ਼ੀ ਨੇ ਸ਼ਨਿਚਰਵਾਰ ਨੂੰ ਇਹ ਵੀ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ਦਾ ਇਸੇਤਮਾਲ ਕਿਸੇ ਵੀ ਦੂਸਰੇ ਦੇਸ਼ ਖ਼ਿਲਾਫ਼ ਅੱਤਵਾਦੀਆਂ ਸਰਗਰਮੀਆਂ ਵਿਚ ਨਹੀਂ ਹੋਣ ਦੇਵੇਗਾ। ਉਨ੍ਹਾਂ ਜੈਸ਼ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਲੈ ਕੇ ਭਾਰਤ ਵੱਲੋਂ ਡੋਜ਼ੀਅਰ ਮਿਲਣ ਦੀ ਗੱਲ ਵੀ ਕਹੀ। ਫਿਲਹਾਲ ਅੱਤਵਾਦੀ ਅੰਮਾਰ ਦੇ ਆਡੀਓ ਨੇ ਪਾਕਿਸਤਾਨ ਦੀ ਪੋਲ ਤਾਂ ਖੋਲ੍ਹੀ ਹੀ ਹੈ, ਨਾਲ ਹੀ ਜੈਸ਼ ਨੂੰ ਲੈ ਕੇ ਭਾਰਤ ਦੇ ਦਾਅਵਿਆਂ ਨੂੰ ਵੀ ਪੁਖ਼ਤਾ ਕੀਤਾ ਹੈ।

Posted By: Seema Anand