ਰਿਸ਼ੀਕੇਸ਼ : ਰਿਸ਼ੀਕੇਸ਼ ਦੇ ਕੋਲ ਭੋਗਪੁਰ ਸਥਿਤ ਚਿਲਡਰਨ ਹੋਮ ਅਕੈਡਮੀ 'ਚ 7ਵੀਂ ਜਮਾਤ ਦੇ ਵਿਦਿਆਰਥੀ ਵਾਸੂ ਯਾਦਵ ਦੇ ਕਤਲ ਦੇ ਮਾਮਲੇ 'ਚ ਬਾਲ ਅਧਿਕਾਰ ਬਚਾਓ ਕਮਿਸ਼ਨ ਦੀ ਮੁਖੀ ਊਸ਼ਾ ਨੇਗੀ ਨੇ ਮੁੱਖ ਮੰਤਰੀ ਤਿਰਵੇਂਦਰ ਸਿੰਘ ਰਾਵਤ ਨੂੰ ਪੱਤਰ ਭੇਜ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪੱਤਰ 'ਚ ਹਿਮਾਲੀਅਨ ਹਸਪਤਾਲ ਦੇ ਡਾਕਟਰ ਤੇ ਸਕੂਲ ਦੇ ਮੁੱਖ ਪ੍ਰਬੰਧਕ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਗਏ ਹਨ।

ਕਮਿਸ਼ਨ ਦੀ ਮੁਖੀ ਊਸ਼ਾ ਨੇਗੀ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਇਸ ਲਈ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਹੁਣ ਤਕ ਸਕੂਲ ਦੇ ਮੁੱਖ ਪ੍ਰਬੰਧਕ ਸਟੀਫਨ ਸਰਕਾਰ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਕਮਿਸ਼ਨ ਦੇ ਮੁਖੀ ਨੇ ਹਿਮਾਲੀਅਨ ਹਸਪਤਾਲ ਜੌਲੀਗ੍ਰਾਂਟ ਦੇ ਡਾਕਟਰ ਦੀ ਭੂਮਿਕਾ 'ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਬੇਹੋਸ਼ੀ ਦੀ ਹਾਲਤ 'ਚ ਜਦੋਂ ਵਿਦਿਆਰਥੀ ਵਾਸੂ ਯਾਦਵ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਇਕ ਡਾਕਟਰ ਨੇ ਦੱਸਿਆ ਕਿ ਵਾਸੂ ਯਾਦਵ ਦੀ ਮੌਤ ਫੂਡ ਪੁੁਆਇਜ਼ਨਿੰਗ ਨਾਲ ਹੋਈ ਹੈ। ਇਹ ਗੱਲ ਕਿਸ ਆਧਾਰ 'ਤੇ ਕਹੀ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ 'ਚ ਸਾਫ਼ ਹੈ ਕਿ ਮੌਤ ਦਾ ਕਾਰਨ ਜ਼ਿਆਦਾ ਕੁੱਟਮਾਰ ਤੇ ਖ਼ੂਨ ਵਹਿ ਜਾਣਾ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਵਾਸੂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਰਹੇ ਹੋਣਗੇ। ਕਮਿਸ਼ਨ ਦੇ ਮੁਖੀ ਨੇ ਪੋਸਟਮਾਰਟਮ ਦੀ ਰਿਪੋਰਟ ਲਿਖਣ ਵਾਲੇ ਪੁਲਿਸ ਅਫਸਰਾਂ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਚਿਲਡਰਨ ਹੋਮ ਅਕੈਡਮੀ 'ਚ 7ਵੀਂ ਜਮਾਤ ਦੇ ਵਿਦਿਆਰਥੀ ਵਾਸੂ ਯਾਦਵ ਦੀ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਕ੍ਰਿਕਟ ਦੇ ਬੈਟ ਤੇ ਵਿਕਟ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਇਸ ਮਾਮਲੇ 'ਚ ਪੁਲਿਸ ਨੇ 26 ਮਾਰਚ ਨੂੰ ਸਕੂਲ ਪ੍ਰਬੰਧਕ, ਵਾਰਡਨ, ਪੀਟੀ ਮਾਸਟਰ ਤੇ ਦੋਵਾਂ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ।

ਕਮਿਸ਼ਨ ਨੇ ਚੁੱਕੇ ਸਵਾਲ

-ਸਕੂਲ ਦੀ ਵੈੱਬਸਾਈਟ ਮੁਤਾਬਕ ਇਥੇ ਅਨਾਥ ਮੁੰਡੇ-ਕੁੜੀਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਜਦਕਿ ਹਕੀਕਤ 'ਚ ਕਈ ਬੱਚਿਆਂ ਦੇ ਮਾਪੇ ਜਿਊਂਦੇ ਹਨ।

-ਸਕੂਲ 'ਚ ਬੱਚਿਆਂ ਤੋਂ ਖਾਣਾ ਬਣਵਾਇਆ ਜਾਂਦਾ ਹੈ, ਪਖਾਨਿਆਂ ਤੇ ਹੋਰਨਾਂ ਥਾਵਾਂ ਦੀ ਸਫ਼ਾਈ ਦੇ ਕੰਮ ਵੀ ਬੱਚਿਆਂ ਕੋਲੋਂ ਕਰਵਾਏ ਜਾ ਰਹੇ ਹਨ।

-ਬੱਚਿਆਂ ਨੂੰ ਸੰਤੁਲਿਤ ਭੋਜਨ ਵੀ ਨਹੀਂ ਦਿੱਤਾ ਜਾਂਦਾ। ਇਹ ਕਾਰਨ ਰਿਹਾ ਕਿ ਆਊਟਿੰਗ ਦੌਰਾਨ ਵਾਸੂ ਯਾਦਵ ਨੇ ਦੁਕਾਨ ਤੋਂ ਬਿਸਕੁੱਟ ਦਾ ਪੈਕਟ ਚੋਰੀ ਕੀਤਾ ਸੀ।