ਜੇਐੱਨਐੱਨ, ਰਾਮਪੁਰ : ਸਮਾਜਵਾਦੀ ਪਾਰਟੀ ਦੇ ਐੱਮਪੀ ਆਜ਼ਮ ਖ਼ਾਨ ਨੇ ਨਾਥੂ ਰਾਮ ਗੋਡਸੇ ਅਤੇ ਐੱਮਪੀ ਪ੍ਰਗਿਆ ਠਾਕੁਰ 'ਤੇ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਦਰੱਸੇ ਨਾਥੂ ਰਾਮ ਗੋਡਸੇ ਜਾਂ ਪ੍ਰਗਿਆ ਠਾਕੁਰ ਵਰਗੇ ਲੋਕਾਂ ਨੂੰ ਪੈਦਾ ਨਹੀਂ ਕਰਦੇ। ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਮਦਰੱਸਿਆਂ ਦੇ ਬਾਰੇ ਵਿਚ ਐਲਾਨ ਕਰ ਕੇ ਧੋਖਾ ਦੇ ਰਹੀ ਹੈ। ਮਦਰੱਸਿਆਂ ਵਿਚ ਦੀਨੀ ਤਾਲੀਮ ਦੇ ਨਾਲ ਅੰਗਰੇਜ਼ੀ, ਹਿੰਦੀ ਅਤੇ ਗਣਿਤ ਵੀ ਪੜ੍ਹਾਇਆ ਜਾਂਦਾ ਹੈ। ਜੇਕਰ ਮਦਰੱਸਿਆਂ ਦੀ ਹਾਲਤ ਸੁਧਾਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਦੀਆਂ ਇਮਾਰਤਾਂ ਬਣਵਾਉ। ਉਨ੍ਹਾਂ ਨੂੰ ਫਰਨੀਚਰ ਦਿਉ ਅਤੇ ਮਿਡ ਡੇ ਮੀਲ ਦੀ ਵਿਵਸਥਾ ਕਰੋ। ਉਨ੍ਹਾਂ ਕਿਹਾ ਕਿ ਨਾਥੂ ਰਾਮ ਗੋਡਸੇ ਦੇ ਵਿਚਾਰਾਂ ਨੂੰ ਫੈਲਾਉਣ ਵਾਲਿਆਂ ਨੂੰ ਲੋਕਤੰਤਰ ਦਾ ਦੁਸ਼ਮਣ ਐਲਾਨਣਾ ਚਾਹੀਦਾ ਹੈ। ਪ੍ਰਗਿਆ ਠਾਕੁਰ 2008 ਵਿਚ ਮਾਲੇਗਾਓਂ ਵਿਚ ਹੋਏ ਧਮਾਕੇ ਦੀ ਦੋਸ਼ੀ ਹੈ। ਹਾਲ ਹੀ ਵਿਚ ਲੋਕ ਸਭਾ ਚੋਣ ਜਿੱਤੀ ਹੈ ਅਤੇ ਖ਼ਬਰਾਂ ਵਿਚ ਬਣੇ ਰਹਿਣ ਲਈ ਨਾਥੂ ਰਾਮ ਗੋਡਸੇ ਨੂੰ ਦੇਸ਼ਭਗਤ ਦੱਸਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਰਾਮਪੁਰ 'ਚ ਖ਼ੂਨੀ ਖੇਡ ਖੇਡਣਾ ਚਾਹੁੰਦੀ ਹੈ।