ਜੇਐੱਨਐੱਨ, ਰਾਮਪੁਰ : ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਦੋਸ਼ਾਂ ਵਿਚ ਫਸੇ ਸਪਾ ਸੰਸਦ ਮੈਂਬਰ ਆਜ਼ਮ ਖਾਂ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ। ਅਸੀਂ ਯੂਨੀਵਰਸਿਟੀ ਲਈ ਇਕ-ਇਕ ਇੰਚ ਜ਼ਮੀਨ ਖ਼ਰੀਦੀ ਹੈ। ਉਹ ਸੋਮਵਾਰ ਨੂੰ ਬਕਰੀਦ 'ਤੇ ਈਦਗਾਹ ਵਿਚ ਨਮਾਜ਼ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੁਰਬਾਨੀ ਦਾ ਮੌਕਾ ਹੈ, ਜਿਸ ਦੀ ਜਿੰਨੀ ਕੁਰਬਾਨੀ ਹੋ ਜਾਵੇ ਚੰਗਾ ਹੈ।

ਉਨ੍ਹਾਂ ਕਿਹਾ ਕਿ ਮੇਰੇ 'ਤੇ ਕੋਈ ਮੁਕੱਦਮਾ ਨਹੀਂ ਹੈ। ਸਾਰੇ ਮੁਕੱਦਮੇ ਯੂਨੀਵਰਸਿਟੀ 'ਤੇ ਹਨ, ਬੱਚਿਆਂ ਦੇ ਸਕੂਲਾਂ 'ਤੇ ਹਨ। ਪ੍ਰਸ਼ਾਸਨ 'ਤੇ ਤਨਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਵਿਚ ਡਾਕਾ ਮਾਰਿਆ ਗਿਆ ਸੀ। ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ 40 ਤੋਂ ਜ਼ਿਆਦਾ ਰੂਲਿੰਗ ਦਿੱਤੀਆਂ ਹਨ ਜਿਸ ਵਿਚ ਇਹ ਗੱਲ ਕਹੀ ਗਈ ਹੈ ਕਿ ਤਿੰਨ ਸਾਲ ਤੋਂ ਬਾਅਦ ਕਿਸੇ ਵੀ ਜ਼ਮੀਨ ਨੂੰ ਲੈ ਕੇ ਅਜਿਹੀਆਂ ਸ਼ਿਕਾਇਤਾਂ ਨਹੀਂ ਕੀਤੀਆਂ ਜਾਂਦੀਆਂ ਹਨ ਅਤੇ ਨਾ ਹੀ ਅਜਿਹੀਆਂ ਕਾਰਵਾਈਆਂ ਹੁੰਦੀਆਂ ਹਨ। ਸੈਂਕੜੇ ਏਕੜ ਜ਼ਮੀਨ ਖ਼ਰੀਦਣ ਵਾਲਾ ਟਰੱਸਟ ਪੌਣੇ ਚਾਰ ਏਕੜ ਜ਼ਮੀਨ ਦੀ ਬੇਈਮਾਨੀ ਭਲਾ ਕਿਉਂ ਕਰੇਗਾ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ ਵਿਚ ਸਾਨੂੰ ਹਰਾਉਣ ਲਈ ਕੀ ਕੁਝ ਨਹੀਂ ਕੀਤਾ, ਪਰ ਕਾਮਯਾਬ ਨਹੀਂ ਹੋ ਸਕੇ। ਹੁਣ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਸਾਨੂੰ ਹਰਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਸਾਡੇ 'ਤੇ ਜ਼ੁਲਮ ਕਰਕੇ ਸਾਨੂੰ ਹਰਾ ਨਹੀਂ ਸਕਣਗੇ।