Ayodhya : ਭਗਵਾਨ ਰਾਮ ਦੀ ਨਗਰੀ ਅਯੁੱਧਿਆ 'ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਹੈ। ਸ਼ਾਨਦਾਰ ਰਾਮ ਮੰਦਰ ਬਣਨ ਤੋਂ ਬਾਅਦ ਕਰੋੜਾਂ ਭਗਤ ਇੱਥੇ ਆਉਣਗੇ ਤੇ ਦਰਸ਼ਨ ਲਾਭ ਲੈਣਗੇ। ਇਸ ਦੇ ਲਈ ਅਯੁੱਧਿਆ ਨੂੰ ਪੂਰੀ ਤਰ੍ਹਾਂ ਵਿਕਸਤ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਆਉਣ ਵਾਲੇ ਸਾਲਾਂ 'ਚ ਪੂਰੀ ਤਰ੍ਹਾਂ ਨਾਲ ਨਵੀਂ ਅਯੁੱਧਿਆ ਸਾਹਮਣੇ ਹੋਵੇਗੀ, ਜੋ ਦੇਸ਼ ਵਿਚ ਅਧਿਆਤਮ ਦਾ ਨਵਾਂ ਕੇਂਦਰ ਵੀ ਹੋਵੇਗੀ। ਰਾਮ ਮੰਦਰ ਨਿਰਮਾਣ ਦੇ ਪੱਖ 'ਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਦੇ ਵਿਕਾਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇੱਥੇ ਸਰਯੂ ਨਦੀ ਦੇ ਤੱਟ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਉੱਥੇ ਹੀ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਅਯੁੱਧਿਆ ਆਉਣ ਦੀ ਸਹੂਲਤ 'ਤੇ ਵੀ ਕੰਮ ਹੋ ਰਿਹਾ ਹੈ।

ਸਭ ਕੁਝ ਠੀਕ ਰਿਹਾ ਤਾਂ ਗੰਗਾ ਦੀ ਤਰਜ਼ 'ਤੇ ਇੱਥੇ ਵੀ ਸਰਯੂ ਨਦੀ 'ਚ ਛੋਟੇ ਜਹਾਜ਼ ਯਾਨੀ ਕਰੂਜ਼ ਚੱਲਦੇ ਨਜ਼ਰ ਆਉਣਗੇ। ਅਯੁੱਧਿਆ ਮੰਡਲ ਦੇ ਸੂਚਨਾ ਉਪ ਨਿਰਦੇਸ਼ਕ ਮੁਰਲੀਧਰ ਸਿੰਘ ਕਹਿ ਚੁੱਕੇ ਹਨ ਕਿ ਰਾਮ ਨਗਰੀ ਅਯੁੱਧਿਆ ਨੂੰ ਤਿਰੁਪਤੀ ਵਰਗਾ ਸ਼ਹਿਰ ਬਣਾਉਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਇਸ ਵਿਚ ਚਾਰ ਸਾਲ ਲੱਗਣਗੇ। ਇੱਥੇ ਕੌਮਾਂਤਰੀ ਹਵਾਈ ਅੱਡਾ ਵਿਕਸਤ ਕੀਤਾ ਜਾਵੇਗਾ। ਨਾਲ ਹੀ ਰੇਲਵੇ ਸਟੇਸ਼ਨ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਚਾਰ ਰੇਲਵੇ ਬ੍ਰਿਜ ਬਣਾਏ ਜਾਣੇ ਹਨ। ਅਯੁੱਧਿਆ ਤੋਂ ਫੈਜ਼ਾਬਾਦ ਵਿਚਕਾਰ 5 ਕਿਲੋਮੀਟਰ ਲੰਬਾ ਫਲਾਈਓਵਰ ਪ੍ਰਸਤਾਵਿਤ ਹੈ, ਜਿਸ ਨਾਲ ਸੜਕ ਮਾਰਗ ਤੋਂ ਆਉਣ ਵਾਲਿਆਂ ਨੂੰ ਸਹੂਲਤ ਮਿਲੇਗੀ।

ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਐਲਾਨ ਕਰ ਚੁੱਕੇ ਹਨ ਕਿ ਅਯੁੱਧਿਆ 'ਚ ਸਰਯੂ ਨਦੀ ਕਿਨਾਰੇ ਭਗਵਾਨ ਰਾਮ ਦੀ 251 ਮੀਟਰ ਲੰਬੀ ਮੂਰਤੀ ਬਣੇਗੀ। ਸ਼ਰਧਾਲੂਆਂ ਦੇ ਠਹਿਰਣ ਲਈ ਪੰਜ ਸਿਤਾਰਾ ਹੋਟਲ ਬਣਾਏ ਜਾ ਰਹੇ ਹਨ। ਨਾਲ ਹੀ ਤੀਰਥ ਯਾਤਰੀਆਂ ਦੇ ਰੁਕਣ ਲਈ ਰੈਣ-ਬਸੇਰਿਆਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਤੇ ਭਗਵਾਨ ਰਾਮ ਨਾਲ ਜੁੜੇ ਸਾਰੇ ਕੁੰਡਾਂ ਦਾ ਮੁੜ ਨਿਰਮਾਣ ਹੋਵੇਗਾ। 10 ਵੱਡੇ ਰਿਜ਼ਾਰਟ 'ਤੇ ਵੀ ਕੰਮ ਚੱਲ ਰਿਹਾ ਹੈ। ਅਯੁੱਧਿਆ 'ਚ 10 ਸ਼੍ਰੀ ਰਾਮ ਦੁਆਰ ਬਣਾਏ ਜਾ ਰਹੇ ਹਨ।

ਅਯੁੱਧਿਆ ਹੀ ਨਹੀਂ, ਇਸ ਨਾਲ ਲਗਦੇ 90 ਪਿੰਡਾਂ ਦਾ ਵਿਕਾਸ ਹੋਵੇਗਾ। ਇਨ੍ਹਾਂ ਪਿੰਡਾਂ ਨੂੰ ਸੜਕਾਂ ਨਾਲ ਜੋੜਿਆ ਜਾਵੇਗਾ। ਇੱਥੇ ਹੋਟਲ, ਰਿਜ਼ਾਰਟ, ਮੰਦਰ, ਮਠਾਂ, ਕੁੰਡਾਂ ਦੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਮੁੜ ਨਿਰਮਾਣ, ਪਰਿਕਰਮਾ ਮਾਰਗਾਂਦਾ ਚੌੜੀਕਰਨ ਕੀਤਾ ਜਾਵੇਗਾ।

Posted By: Seema Anand