ਜੇਐੱਨਐੱਨ, ਨਵੀਂ ਦਿੱਲੀ : Ayodhya Verdict 2019 Live Update : ਸਿਆਸੀ ਪੱਖੋਂ ਸੰਵੇਦਨਸ਼ੀਲ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ 'ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਸਰਬਸੰਮਤੀ ਯਾਨੀ 5-0 ਨਾਲ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਸ਼ਨਿਚਰਵਾਰ ਨੂੰ ਕਈ ਸਾਲਾਂ ਤੋਂ ਕਾਨੂੰਨੀ ਲੜਾਈ 'ਚ ਉਲਝੇ ਦੇਸ਼ 'ਚ ਸਭ ਤੋਂ ਚਰਚਿਤ ਅਯੁੱਧਿਆ ਜ਼ਮੀਨ ਵਿਵਾਦ ਮਾਮਲੇ 'ਚ ਫ਼ੈਸਲਾ ਸੁਣਾਇਆ ਹੈ। 9 ਨਵੰਬਰ ਨੂੰ ਕੋਰਟ ਨੇ ਵਿਵਾਦਤ ਜ਼ਮੀਨ 'ਤੇ ਮੰਦਰ ਬਣਾਉਣ ਲਈ ਸਰਕਾਰ ਨੂੰ ਹੁਕਮ ਦਿੱਤਾ ਹੈ। ਉੱਥੇ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਸੈਂਟਰਲ ਗਵਰਨਮੈਂਟ ਟਰੱਸਟ ਦੀ ਸਤਾਪਨਾ ਲਈ ਯੋਜਨਾ ਬਣਾਏ। ਮੁਸਲਿਮ ਧਿਰ ਲਈ ਕਿਹਾ ਗਿਆ ਹੈ ਕਿ ਅਯੁੱਧਿਆ 'ਚ ਪੰਜ ਏਕੜ ਬਦਲਵੀਂ ਜਮ਼ੀਨ ਸੁੰਨੀ ਵਕਫ਼ ਬੋਰਡ ਨੂੰ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸਏ ਬੋਬਢੇ, ਡੀਵਾਈ ਚੰਦਰਚੂੜ, ਅਸ਼ੋਕ ਬੂਸ਼ਣ ਤੇ ਐੱਸ ਅਬਦੁਲ ਨਜ਼ੀਰ ਦੀ ਸੰਵਿਧਾਨਕ ਬੈਂਚ ਨੇ ਸਿਆਸੀ, ਧਾਰਮਿਕ ਤੇ ਸਮਾਜਿਕ ਰੂਪ 'ਚ ਸੰਵੇਦਨਸ਼ੀਲ ਇਸ ਮੁਕੱਦਮੇ ਦੀ 40 ਦਿਨ ਤਕ ਮੈਰਾਥਨ ਸੁਣੲਾਈ ਤੋਂ ਬਾਅਦ ਬੀਤੀ 16 ਅਕਤੂਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁੱਕਰਵਾਰ ਨੂੰ ਚੀਫ ਜਸਟਿਸ ਆਫ ਇੰਡੀਆ (CJI) ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਸ ਤੋਂ ਬਾਅਦ ਦੇਸ਼ ਵਿਚ ਹਲਚਲ ਵਧ ਗਈ। ਸਾਰੇ ਸੂਬਿਆਂ 'ਚ ਪੁਲਿਸ ਅਲਰਟ 'ਤੇ ਹੈ ਤੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕਰ ਲਏ ਗਏ ਹਨ। ਖ਼ਾਸ ਤੌਰ 'ਤੇ ਉੱਤਰ ਪ੍ਰਦੇਸ਼ 'ਚ ਸੁਰੱਖਿਆ ਇੰਤਜ਼ਾਮ ਪੁਖ਼ਤਾ ਕਰ ਦਿੱਤੇ ਗਏ ਹਨ। ਅਯੁੱਧਿਆ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ 'ਚ ਸਕੂਲ-ਕਾਲਜ ਸੋਮਵਾਰ ਤਕ ਬੰਦ ਕੀਤੇ ਗਏ ਹਨ, ਉੱਥੇ ਹੀ ਮੱਧ ਪ੍ਰਦੇਸ਼ ਤੇ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸ਼ਨਿਚਰਵਾਰ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੜ੍ਹੋ ਲਾਈਵ ਅਪਡੇਟਸ

11.57am : ਜ਼ਫ਼ਰਯਾਬ ਜਿਲਾਨੀ, ਆਲ ਇੰਡੀਆ ਮੁਸਲਿਮ ਪਰਸਨ ਲਾਅ ਬੋਰਡ : ਫ਼ੈਸਲੇ ਦਾ ਸਨਮਾਨ ਕਰਨ ਪਰ ਫ਼ੈਸਲਾ ਸੰਤੋਖਜਣਕ ਨਹੀਂ ਹੈ। ਉਸ 'ਤੇ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ।

11.54am : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇਕ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ।

11.48am : ਨਿਰਮੋਹੀ ਅਖਾੜਾ ਦੇ ਬੁਲਾਰੇ ਕਾਰਤਿਕ ਚੋਪੜਾ ਨੇ ਕਿਹਾ, 'ਨਿਰਮੋਹੀ ਅਖਾੜਾ ਧੰਨਵਾਦੀ ਹੈ ਕਿ SC ਨੇ ਪਿਛਲੇ 150 ਸਾਲਾਂ ਦੀ ਸਾਡੀ ਲੜਾਈ ਨੂੰ ਮਾਨਤਾ ਦਿੱਤੀ ਹੈ ਤੇ ਕੇਂਦਰ ਸਰਕਾਰ ਵੱਲੋਂ ਸ੍ਰੀ ਰਾਮ ਜਨਮ ਅਸਥਾਨ ਮੰਦਰ ਦੇ ਨਿਰਮਾਣ ਤੇ ਪ੍ਰਬੰਧਨ ਲਈ ਨਿਰਮੋਹੀ ਅਖਾੜੇ ਨੂੰ ਲੋੜੀਂਦੀ ਨੁਮਾਇੰਦਗੀ ਦਿੱਤੀ ਹੈ।

11.38am : ਜ਼ਫਰਯਾਬ ਜਿਲਾਨੀ, ਸੁੰਨੀ ਵਕਫ਼ ਬੋਰਡ ਦੇ ਵਕੀਲ : ਅਸੀਂ ਫੈ਼ਸਲੇ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਸੰਤੁਸ਼ਟ ਨਹੀਂ, ਅਸੀਂ ਅਗਲੇਰੀ ਕਾਰਵਾਈ ਤੈਅ ਕਰਾਂਗੇ।

11.26am : ਸੁਪਰੀਮ ਕੋਰਟ ਕੰਪਲੈਕਸ 'ਚ ਲੱਗੇ ਜੈਸ਼੍ਰੀਰਾਮ ਦੇ ਨਾਅਰੇ। ਅਦਾਲਤ ਕੰਪਲੈਕਸ 'ਚ ਵਕੀਲਾਂ ਨੇ ਜਦੋਂ ਜੈਸ਼੍ਰੀਰਾਮ ਦੇ ਨਾਅਰੇ ਲਾਏ ਤਾਂ ਦੂਸਰੇ ਸੀਨੀਅਰ ਵਕੀਲਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ...

11.20am : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਸੈਂਟਰਲ ਗਵਰਨਮੈਂਟ ਟਰੱਸਟ ਦੀ ਸਥਾਪਨਾ ਲਈ ਯੋਜਨਾ ਬਣਾਓ ਤੇ ਵਿਵਾਦ ਸਥਾਨ ਨੂੰ ਮੰਦਰ ਨਿਰਮਾਣ ਲਈ ਸੌਂਪ ਦਿਉ। ਅਦਾਲਤ ਨੇ ਇਹ ਵੀ ਕਿਹਾ ਕਿ ਅਯੁੱਧਿਆ 'ਚ ਪੰਜ ਏਕੜ ਬਦਲਵੀਂ ਜ਼ਮੀਨ ਸੁੰਨੀ ਵਕਫ਼ ਬੋਰਡ ਨੂੰ ਦਿਉ।

11.12am : ਮੁਸਲਮਾਨਾਂ ਨੂੰ ਮਸਜਿਦ ਬਣਾਉਣ ਲਈ ਬਦਲਵੀਂ ਜਗ੍ਹਾ ਦੇਣ ਦੇ ਹੁਕਮ SC directs allotment of alternative land to Muslims to build new mosque. PTI ਅਦਾਲਤ ਨੇ ਇਹ ਵੀ ਕਿਹਾ ਕਿ ਵਿਵਾਦਤ ਢਾਂਚਾ ਢਾਹੁਣਾ ਕਾਨੂੰਨ ਦੀ ਉਲੰਘਣਾ ਸੀ। Damage to Babri Mosque was violation of law : SC. PTI

11.08am : ਅਦਾਲਤ ਨੇ ਕਿਹਾ ਕਿ ਸੁੰਨੀ ਸੈਂਟਰਲ ਵਕਫ਼ ਬੋਰਡ ਅਯੁੱਧਿਆ ਵਿਵਾਦ 'ਚ ਆਪਣੇ ਮਾਮਲੇ ਨੂੰ ਸਥਾਪਿਤ ਕਰਨ 'ਚ ਅਸਫ਼ਲ ਰਿਹਾ ਹੈ। UP Sunny Central Waqf Board has failed to establish its case in Ayodhya dispute : SC.

11.05 am : ਅਦਾਲਤ ਨੇ ਕਿਹਾ ਕਿ ਮੁਸਲਮਾਨਾਂ ਨੇ ਮਸਜਿਦ ਨਹੀਂ ਛੱਡੀ ਸੀ। ਹਾਲਾਂਕਿ, ਹਿੰਦੂ ਵੀ ਰਾਮ ਚਬੂਤਰੇ 'ਤੇ ਪੂਜਾ ਕਰਦੇ ਸਨ। ਉਨ੍ਹਾਂ ਗਰਭਗ੍ਰਹਿ 'ਤੇ ਵੀ ਮਲੀਕਅਤ ਦਾ ਦਾਅਵਾ ਕੀਤਾ।

-ਚੀਫ ਜਸਟਿਸ ਨੇ ਅੱਗੇ ਕਿਹਾ ਕਿ ਰਾਮਲਲਾ ਨੇ ਇਤਿਹਾਸਕ ਪੁਰਾਣਾਂ ਦੇ ਤੱਥ ਰੱਖੇ ਤੇ ਉਸ ਵਿਚ ਸੀਤਾ ਰਸੋਈ ਤੋਂ ਇਲਾਵਾ ਰਾਮ ਚਬੂਤਰੇ ਦਾ ਜ਼ਿਕਰ ਹੈ ਜਿਸ ਦੀ ਪੁਰਾਣਾਂ ਤੋਂ ਪੁਸ਼ਟੀ ਹੁੰਦੀ ਹੈ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਹਿੰਦੂ ਉੱਥੇ ਪਰਿਕਰਮਾ ਕਰਦੇ ਸਨ।

-ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਹਿੰਦੂ ਪੱਖ ਦੀ ਗੱਲ ਕਰਦਿਆਂ ਕਿਹਾ ਕਿ ਹਿੰਦੂ ਮੁੱਖ ਗੁੰਬਦ ਹੇਠਾਂ ਦੇ ਸਥਾਨ ਨੂੰ ਜਨਮ ਅਸਥਾਨ ਮੰਨਦੇ ਹਨ। ਹਿੰਦੂ ਅਯੁੱਧਿਆ ਨੂੰ ਰਾਮ ਦਾ ਜਨਮ ਅਸਥਾਨ ਮੰਨਦੇ ਹਨ, ਇਸ ਗੱਲ ਨੂੰ ਕਿਸੇ ਨੇ ਵੀ ਖਾਰਜ ਨਹੀਂ ਕੀਤਾ ਹੈ। ਵਿਵਾਦਤ ਸਥਾਨ 'ਤੇ ਹਿੰਦੂ ਪੂਜਾ ਕਰਦੇ ਰਹੇ ਹਨ। ਹਾਲਾਂਕਿ, 12ਵੀਂ ਤੋਂ 16ਵੀਂ ਸਦੀ ਵਿਚਕਾਰ ਉੱਥੇ ਕੀ ਹੋਇਆ, ਉਸਦੇ ਸਬੂਤ ਨਹੀਂ ਹਨ। ਗਵਾਹਾਂ ਦੇ ਕ੍ਰਾਸ ਐਗਜ਼ਾਮੀਨੇਸ਼ਨ 'ਚ ਹਿੰਦੂ ਪੂਜਾ ਦਾ ਦਾਅਵਾ ਗ਼ਲਤ ਸਾਬਿਤ ਨਹੀਂ ਹੋਇਆ ਹੈ।

- ਸੁਪਰੀਮ ਕੋਰਟ ਨੇ ਸੁੰਨੀ ਵਕਫ਼ ਬੋਰਡ ਦੇ ਦਾਅਵੇ ਸਬੰਧੀ ਕਿਹਾ ਕਿ ਬਾਬਰੀ ਮਸਜਿਦ ਖ਼ਾਲੀ ਜਗ੍ਹਾ 'ਤੇ ਨਹੀਂ ਬਣੀ ਸੀ ਤੇ ਜਿਸ ਜਗ੍ਹਾ ਬਣੀ ਸੀ, ਉਹ ਇਸਲਾਮਿਕ ਨਹੀਂ ਸੀ, ਉਸ ਦੇ ਹੇਠਾਂ ਇਕ ਵੱਡੀ ਸੰਰਚਨ ਮਿਲੀ ਸੀ। ਇਸ ਤਰ੍ਹਾਂ ਕੋਰਟ ਨੇ ਸੁੰਨੀ ਵਕਫ਼ ਬੋਰਡ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।

-ਚੀਫ ਜਸਟਿਸ ਨੇ ਫ਼ੈਸਲਾ ਪੜ੍ਹਦਿਆਂ ਮੰਨਿਆ ਕਿ ਮਸਜਿਦ 1528 'ਚ ਬਣੀ ਹੈ ਇਸ ਦਾ ਫ਼ਰਕ ਨਹੀਂ ਪੈਂਦਾ। 22 ਦਸੰਬਰ 1949 ਨੂੰ ਮੂਰਤੀਆਂ ਇੱਥੇ ਰੱਖੀਆਂ ਗਈਆਂ। ਇਹ ਜਮ਼ੀਨ ਨਜ਼ੂਲ ਦੀ ਹੈ ਤੇ ਸਰਕਾਰੀ ਹੈ। 1991 ਦੇ ਪਲਸਿਸ ਆਫ ਵਰਸ਼ਿਪ ਐਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਮਾਜ਼ ਪੜ੍ਹਨ ਦੀ ਜਗ੍ਹਾ ਨੂੰ ਮਸਜਿਦ ਮੰਨਣ ਤੋਂ ਇਨਕਾਰ ਨਹੀਂ ਹੈ। ਇਹ ਐਕਟ ਭਾਰਤ ਦੀ ਧਰਮ ਨਿਰਪੱਖਤਾ ਦੀ ਮਿਸਾਲ ਹੈ।

10.32am : ਅਯੁੱਧਿਆ ਮਾਮਲੇ 'ਚ ਪੰਜ ਜੱਜਾਂ ਨੇ ਇਕਮਤ ਹੋ ਕੇ ਫ਼ੈਸਲਾ ਸੁਣਾਇਆ ਹੈ ਤੇ ਚੀਫ ਜਸਟਿਸ ਨੇ ਫ਼ੈਸਲਾ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ ਤੇ ਅਗਲੇ ਅੱਧੇ ਘੰਟੇ 'ਚ ਪੂਰਾ ਫ਼ੈਸਲਾ ਪੜ੍ਹ ਲਿਆ ਜਾਵੇਗਾ।

10.30am : ਕੇਸ 'ਚ ਸ਼ਾਮਲ ਸ਼ੀਆ ਵਰਸਿਜ਼ ਸੁੰਨੀ ਪੱਖ ਵਿਚਕਾਰ ਕੇਸ 'ਚ ਫ਼ੈਸਲਾ ਆ ਗਿਆ ਹੈ ਤੇ ਉਸ ਵਿਚ ਸ਼ੀਆ ਪੱਖ ਦਾ ਦਾਅਵਾ ਖਾਰਜ ਹੋ ਗਿਆ ਹੈ।

10.30 am : ਚੀਫ ਜਸਟਿਸ ਰੰਜਨ ਗੋਗੋਈ ਤੇ ਬੈਂਚ ਦੇ ਹੋਰ ਜੱਜ ਆਪਣੇ ਕੋਰਟ ਰੂਮ ਪਹੁੰਚ ਚੁੱਕੇ ਹਨ। ਨਾਲ ਹੀ ਫ਼ੈਸਲੇ ਦੀ ਫਾਈਲ ਵੀ ਕੋਰਟ ਪਹੁੰਚ ਚੁੱਕੀ ਹੈ।

10.25am : ਚੀਫ ਜਸਟਿਸ ਰੰਜਨ ਗੋਗੋਈ ਦੀ ਕੋਰਟ ਦੇ ਦਰਵਾਜ਼ੇ ਖੁੱਲ੍ਹ ਚੁੱਕੇ ਹਨ ਤੇ ਹੁਣ ਤੋਂ ਕੁਝ ਹੀ ਮਿੰਟਾਂ 'ਚ CJI ਤੋਂ ਇਲਾਵਾ ਬੈਂਚ ਦੇ ਹੋਰ ਜੱਜ ਕੋਰਟ 'ਚ ਬੈਠਣਗੇ ਤੇ ਫ਼ੈਸਲਾ ਸੁਣਾਉਣ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਦੇ ਲਈ ਕੋਰਟ ਰੂਮ 'ਚ ਕੇਸ ਨਾਲ ਜੁੜੀਆਂ ਤਿੰਨਾਂ ਧਿਰਾਂ ਦੇ ਵਕੀਲ ਤੇ ਪੱਖਕਾਰ ਮੌਜੂਦ ਹਨ, ਉੱਥੇ ਹੀ ਮੀਡੀਆ ਵੀ ਇੱਥੇ ਮੌਜੂਦ ਹੈ।

10.05am : ਚੀਫ ਜਸਟਿਸ ਤੋਂ ਇਲਾਵਾ ਇਕ ਹੋਰ ਜੱਜ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ ਉੱਥੇ ਹੀ ਬਾਕੀ ਜੱਜਾਂ ਦੇ ਪਹੁੰਚਣ ਦਾ ਇੰਤਜ਼ਾਰ ਹੈ।

9.58am : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਰਿਹਾਇਸ਼ 'ਤੇ ਸੁਰੱਖਿਆ ਸਬੰਧੀ ਹਾਈ ਲੈਵਲ ਬੈਠਕ ਬੁਲਾਈ ਹੈ ਜਿਸ ਵਿਚ ਐੱਨਐੱਸਏ ਅਜੀਤ ਡੋਭਾਲ, ਆਈਬੀ ਚੀਫ ਅਰਵਿੰਦ ਕੁਮਾਰ ਤੇ ਦੂਸਰੇ ਸੀਨੀਅਰ ਅਧਿਕਾਰੀ ਮੌਜੂਦ ਹੋਣਗੇ।

9.50am : ਅਯੁੱਧਿਆ ਕੇਸ 'ਚ ਫ਼ੈਸਲਾ ਸੁਣਾਉਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ। ਉੱਥੇ ਹੀ ਉਨ੍ਹਾਂ ਦੀ ਅਦਾਲਤ ਦੇ ਬਾਹਰ ਵਕੀਲਾਂ ਦੀ ਭੀੜ ਜਮ੍ਹਾਂ ਹੋ ਗਈ ਹੈ।

9.45am : ਅਯੁੱਧਿਆ ਦੇ ਕਮਿਸ਼ਨਰ ਮਨੋਜ ਮਿਸ਼ਰਾ ਨੇ ਕਿਹਾ, ਸਭ ਜਗ੍ਹਾ ਸ਼ਾਂਤੀ ਹੈ। ਕਿਤੇ ਕੋਈ ਹੜਬੜੀ ਵਰਗੇ ਹਾਲਾਤ ਨਹੀਂ ਹਨ। ਲੋਕ ਮੰਦਰਾਂ 'ਚ ਆ-ਜਾ ਰਹੇ ਹਨ। ਬੱਸਾਂ ਚੱਲ ਰਹੀਆਂ ਹਨ।

9.38am : ਫ਼ੈਸਲੇ ਸਬੰਧੀ ਤਿਆਰੀਆਂ ਬਾਰੇ ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਨੁਜ ਕੁਮਾਰ ਝਾਅ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਵਾਦਤ ਸਥਾਨ ਨੂੰ ਸੁਰੱਖਿਅਤ ਰੱਖਣਾ ਸਾਡੀਆਂ ਤਰਜੀਹਆਂ 'ਚ ਸ਼ਾਮਲ ਹੈ। ਅਸੀਂ ਇਸ ਦੇ ਲਈ ਜ਼ਰੂਰੀ ਪੁਖ਼ਤਾ ਇੰਤਜ਼ਾਮ ਕੀਤੇ ਹਨ। ਸ਼ਹਿਰ 'ਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

9.35am : ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਸੁਪਰੀਮ ਕੋਰਟ ਕੰਪਲੈਕਸ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਬ੍ਰੀਫ ਕੀਤਾ ਗਿਆ।

9.20am : ਰਾਜਸਥਾਨ ਸਰਕਾਰ ਨੇ ਜੈਪੁਰ 'ਚ ਵੀ ਇੰਟਰਨੈੱਟ 'ਤੇ 24 ਘੰਟੇ ਲਈ ਰੋਕ ਲਗਾ ਦਿੱਤੀ ਹੈ ਤੇ ਬੁੰਦੀ 'ਚ ਇਹਤਿਆਤਨ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।

9.10am : ਅਯੁੱਧਿਆ 'ਤੇ ਫ਼ੈਸਲੇ ਤੋਂ ਇਕ ਘੰਟਾ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੈਠਕ ਬੁਲਾਈ ਹੈ ਤੇ ਇਸ ਵਿਚ ਸੁਰੱਖਿਆ ਵਿਵਸਥਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਦੂਸਰੇ ਪਾਸੇ ਯੂਪੀ ਪੁਲਿਸ ਦੇ ਏਡੀਜੀ ਆਸ਼ੂਤੋਸ਼ ਪਾਂਡੇ ਅਨੁਸਾਰ ਲੋਕ ਰਾਮ ਲਲਾ ਦੇ ਦਰਸ਼ਨ ਕਰ ਸਕਦੇ ਹਨ ਤੇ ਇਸ 'ਤੇ ਰੋਕ ਨਹੀਂ ਲਗਾਈ ਗਈ ਹੈ। ਸੁਰੱਖਿਆ ਦੇ ਲਿਹਾਜ਼ ਤੋਂ ਪੈਰਾਮਿਲਟਰੀ ਫੋਰਸਿਜ਼ ਦੀਆਂ 60 ਕੰਪਨੀਆਂ, ਆਰਪੀਐੱਫ ਤੇ ਪੀਏਸੀ ਤੋਂ ਇਲਾਵਾ 1200 ਪੁਲਿਸ ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 250 ਸਬ-ਇੰਸਪੈਕਟਰ, 20 ਡਿਪਟੀ ਐੱਸਪੀ ਤੇ 2 ਐੱਸਪੀ ਤਾਇਨਾਤ ਕੀਤੇ ਗਏ ਹਨ। ਡਬਲ ਲੇਅਰ ਬੈਰੀਕੇਡਿੰਗ, ਪਬਲਿਕ ਐਡਰੈੱਸ ਸਿਸਟਮ, 35 ਸੀਸੀਟੀਵੀ ਕੈਮਰੇ ਤੇ 10 ਡਰੋਨ ਤਾਇਨਾਤ ਕੀਤੇ ਗਏ ਹਨ।

8.30am : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲਿਸ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ ਦਿੱਤੇ ਹਨ।

Posted By: Seema Anand