ਨਵੀਂ ਦਿੱਲੀ, ਵੀਕੇ ਸ਼ੁਕਲਾ : ਕੋਰੋਨਾ ਵਾਇਰਸ ਸੰਕ੍ਰਮਣ 'ਤੇ ਕਾਬੂ ਪਾਉਣ ਲਈ ਲਾਏ ਗਏ ਲਾਕਡਾਊਨ ਦੇ ਚਲਦਿਆਂ ਗਰੀਬ ਤਬਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2 ਅਹਿਮ ਫੈਸਲੇ ਲਏ ਹਨ। ਇਸ ਤਹਿਤ ਦਿੱਲੀ 'ਚ ਰਾਸ਼ਨ ਲੈਣ ਵਾਲਿਆਂ ਨੂੰ 5000 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਮੰਗਲਵਾਰ ਨੂੰ ਡਿਜ਼ੀਟਲ ਪ੍ਰੈੱਸ ਕਾਨਫਰੰਸ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਨਾਲ ਨਜਿੱਠਣ ਲਈ ਅਸੀਂ ਲਾਕਡਾਊਨ ਲਾਇਆ ਹੈ। ਜੇਕਰ ਇਹ ਗਰੀਬ ਲੋਕਾਂ ਲਈ ਸੰਕਟ ਪੈਦਾ ਕਰ ਦਿੰਦਾ ਹੈ ਤਾਂ ਅਜਿਹੇ 'ਚ ਅਸੀਂ ਲੋਕਾਂ ਲਈ ਦੋ ਫੈਸਲੇ ਲਏ ਹਨ। ਇਸ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਆਟੋ ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਦੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਸਾਢੇ 19 ਲੱਖ ਰਾਸ਼ਨ ਕਾਰਡ ਹਨ। ਜਿਨ੍ਹਾਂ 'ਤੇ 72 ਲੱਖ ਲੋਕਾਂ ਦੇ ਹਿਸਾਬ ਨਾਲ ਰਾਸ਼ਨ ਮਿਲਦਾ ਹੈ। ਸਰਕਾਰ ਇਨ੍ਹਾਂ ਸਾਰਿਆਂ ਦੀ ਮਦਦ ਕਰੇਗੀ।

ਜ਼ਿਕਰਯੋਗ ਹੈ ਕਿ ਮਜ਼ਦੂਰਾਂ ਦੀਆਂ ਵੱਖ-ਵੱਖ ਸ਼੍ਰੈਣੀਆਂ ਦੇ ਪਰਵਾਸੀ ਮਜ਼ਦੂਰਾਂ ਨੂੰ ਰਾਹਤ ਪਹੁੰਚਾਉਣ ਲਈ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਆਸ਼ਾ ਮਨਮੋਹਨ ਤੇ ਜਸਟਿਸ ਆਸ਼ਾ ਮੇਨਨ ਦੇ ਬੈਂਚ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਮਹਾਮਾਰੀ ਚਲ ਰਹੀ ਹੈ। ਅਜਿਹੇ 'ਚ ਗਰੀਬ ਤਬਕੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਦੁਆਰਾ ਸੁਚਾਰੂ ਢੰਗ ਨਾਲ ਕੰਮ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਮੁੱਖ ਸਕੱਤਰ ਇਹ ਵੀ ਯਕੀਨੀ ਬਣਾਉਣ ਲਈ ਸਮਾਜਿਕ ਸੁਰੱਖਿਆ ਐਕਟ -2008 ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਸੌਖੀ ਹੋਵੇ ਤੇ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇ।

Posted By: Ravneet Kaur