ਮੈਲਬੌਰਨ (ਏਜੰਸੀ) : ਕੋਰੋਨਾ ਵਾਰਿਸ ਨੂੰ ਰੋਕਣ ਦੀ ਦਿਸ਼ਾ 'ਚ ਵੱਡੀ ਪ੍ਰਾਪਤੀ ਮਿਲਦੀ ਦਿਖਾਈ ਦੇ ਰਹੀ ਹੈ। ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕੋਰੋਨਾ ਦੇ ਦੋ ਸੰਭਾਵਿਤ ਟੀਕਿਆਂ ਦੀ ਲੈਬ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਆਰਗੇਨਾਈਜੇਸ਼ਨ (ਸੀਐੱਸਆਈਆਰੋ) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਟੀਕਿਆਂ ਦੇ ਅਸਰ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।

ਵਿਗਿਆਨੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਟੀਕਾ ਲਗਾਉਣ ਦੇ ਸਭ ਤੋਂ ਬਿਹਤਰ ਤਰੀਕੇ ਤੇ ਵੀ ਪ੍ਰੀਖਣ ਕਰ ਰਹੇ ਹਨ। ਇਸ 'ਚ ਇੰਜੈਕਸ਼ਨ ਤੋਂ ਲੈ ਕੇ ਨੱਕ ਦੇ ਸਪਰੇਅ ਜ਼ਰੀਏ ਟੀਕਾ ਸ਼ਰੀਰ 'ਚ ਪਹੁੰਚਾਉਣ 'ਤੇ ਵਿਚਾਰ ਹੋ ਰਿਹਾ ਹੈ। ਆਸਟ੍ਰੇਲੀਅਨ ਐਨੀਮਲ ਹੈਲਥ ਲੈਬੋਰਟਰੀ (ਏਏਏਐੱਚਐੱਲ) ਦੇ ਪ੍ਰੋਫੈਸਰ ਟ੍ਰੇਵਰ ਡਰੂ ਨੇ ਕਿਹਾ ਕਿ ਅਸੀਂ ਜਨਵਰੀ ਤੋਂ ਹੀ ਇਸ ਵਾਇਰਸ 'ਤੇ ਅਧਿਐਨ ਕਰ ਰਹੇ ਹਾਂ ਤੇ ਉਪਲਬਧ ਹੁੰਦੇ ਹੀ ਟੀਕੇ ਦੇ ਪ੍ਰੀਖਣ ਲਈ ਤਿਆਰ ਹਾਂ। ਅਸੀਂ ਲੋਕਾਂ ਦੀ ਸੁਰੱਖਿਆ ਤੇ ਪ੍ਰੀਖਣ 'ਚ ਤੇਜ਼ੀ ਵਿਚਕਾਰ ਸੰਤੁਲਨ ਬਣਾ ਕੇ ਚੱਲ ਰਹੇ ਹਾਂ।

ਟ੍ਰੇਵਰ ਵਾਇਰਸ ਬਾਰੇ ਸੀਐੱਸਆਈਆਰਓ ਦੇ ਅਧਿਆਨ ਦੀ ਅਗਵਾਈ ਕਰ ਰਹੇ ਹਨ। ਖੋਜਾਰਥੀਆਂ ਦਾ ਕਹਿਣਾ ਹੈ ਕਿ ਜਾਂਚ 'ਚ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮਹਾਮਾਰੀ ਖ਼ਿਲਾਫ਼ ਲੜਾਈ ਲਈ ਸੀਐੱਸਆਈਆਰਓ ਨੇ ਇਕ ਗਲੋਬਲ ਗਰੁੱਪ ਸੀਈਪੀਆਈ ਨਾਲ ਗਠਜੋੜ ਕੀਤਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਸਲਾਹ ਨਾਲ ਸੀਈਪੀਆਈ ਦੀ ਆਕਸਫੋਰਡ ਯੂਨੀਵਰਸਿਟੀ ਤੇ ਅਮਰੀਕਾ ਦੇ ਇਨੋਵੀਓ ਫਾਰਾਮਾਸਿਟੀਕਲਲਸ ਦੇ ਇਕ-ਇਕ ਟੀਕੇ ਨੂੰ ਚੁਣਿਆ ਹੈ। ਸੀਐੱਸਆਈਆਰਓ ਦੇ ਚੀਫ ਐਗਜ਼ੀਕਿਊਵਿਟਰ ਲੈਰੀ ਮਾਰਸ਼ਲ ਨੇ ਕਿਹਾ ਕਿ ਸੀਐੱਸਆਈਆਰਓ 'ਚ ਟੀਕਿਆਂ ਦਾ ਪ੍ਰੀਖਣ ਕੋਰੋਨਾ ਨਾਲ ਲੜਾਈ ਦੀ ਦਿਸ਼ਾ 'ਚ ਅਹਿਮ ਪੜਾਅ ਹੈ। ਚੀਨ ਦੇ ਬਾਹਰ ਸੀਐੱਸਆਈਆਰਓ ਪਹਿਲਾ ਅਦਾਰਾ ਹੈ, ਜਿੱਥੇ ਪ੍ਰਰੀ-ਕਲੀਨੀਕਲ ਟ੍ਰਾਇਲ ਤੇ ਕੋਵਿਡ-19 'ਤੇ ਅਧਿਐਨ ਲਈ ਵਾਇਰਸ ਦਾ ਸਟਾਕ ਮੁਹਈਆ ਹੈ।