ਜੇਐੱਨਐੱਨ, ਨਵੀਂ ਦਿੱਲੀ : ਭਾਰਤ ’ਚ ਜਾਰੀ ਕਿਸਾਨ ਅੰਦੋਲਨ ’ਤੇ ਪਹਿਲਾਂ ਕੈਨੇਡਾ ਤੇ ਉਸ ਤੋਂ ਬਾਅਦ ਅਮਰੀਕਾ ਤੇ ਬਰਤਾਨੀਆ ਦੇ ਕੁਝ ਰਾਜ ਨੇਤਾਵਾਂ ਵੱਲੋਂ ਉਲਟੀ ਪ੍ਰਤੀਕਿਰਿਆ ਪ੍ਰਗਟਾਉਣ ਤੋਂ ਭਾਰਤ ਫਿਲਹਾਲ ਖਾਸ ਤਵੱਜੋ ਨਹੀਂ ਦੇਣਾ ਚਾਹੁੰਦਾ। ਭਾਰਤ ਮੰਨਦਾ ਹੈ ਕਿ ਦੂਸਰੇ ਦੇਸ਼ਾਂ ਦੇ ਕੁਝ ਰਾਜ ਨੇਤਾ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਭਾਰਤੀ ਕਿਸਾਨਾਂ ਪ੍ਰਤੀ ਹਮਦਰਦੀ ਦਿਖਾ ਰਹੇ ਹਨ। ਵੈਸੇ ਦੂਸਰੇ ਦੇਸ਼ਾਂ ’ਚ ਸਥਿਤ ਭਾਰਤੀ ਰਾਜਨੀਤਕ ਤੇ ਦੂਤਾਵਾਸ ਉਥੇ ਦੀਆਂ ਸਥਾਨਕ ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਜ਼ਮੀਨੀ ਹਕੀਕਤ ਤੋਂ ਰੂਬਰੂ ਕਰਵਾ ਰਹੇ ਹਨ।

ਅੱਗੇ ਵੀ ਦਿੱਤਾ ਜਾਵੇਗਾ ਮਾਕੂਲ ਜਵਾਬ

ਜੇਕਰ ਕਿਸੇ ਦੂਸਰੇ ਦੇਸ਼ ਦੀ ਸਰਕਾਰ ਦੇ ਪ੍ਰਤੀਨਿਧੀਆਂ ਵੱਲੋਂ ਇਸ ਮੁੱਦੇ ਨੂੰ ਉਠਾਇਆ ਜਾਂਦਾ ਹੈ ਤਾਂ ਫਿਰ ਦਾ ਉਸ ਦਾ ਕੂਟਨੀਤਕ ਜਵਾਬ ਦਿੱਤਾ ਜਾਵੇਗਾ। ਹਾਲ ਹੀ ’ਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਜਦੋਂ ਕਿਸਾਨ ਅੰਦੋਲਨ ਦਾ ਮੁੱਦਾ ਉਠਾਇਆ ਸੀ ਤਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਉਸ ਦਾ ਮਾਕੂਲ ਜਵਾਬ ਦਿੱਤਾ ਸੀ।

ਅਮਰੀਕਾ ਵਿਚ ਲਾਮਬੰਦੀ

ਅਮਰੀਕਾ ਦੇ ਸੱਤ ਸਾਂਸਦਾਂ ਨੇ ਵਿਦੇਸ਼ ਮੰਤਰੀ ਮਾਈਕਲ ਪੋਂਪੀਓ ਨੂੰ ਚਿੱਠੀ ਲਿਖ ਕੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਜਾਰੀ ਕਿਸਾਨ ਅੰਦੋਲਨ ’ਤੇ ਚਿੰਤਾ ਪ੍ਰਗਟਾਈ ਹੈ। ਇਸ ਵਿਚ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਤੋਂ ਇਲਾਵਾ ਡੋਨਾਲਡ ਨਾਰਕਰਾਸ, ਬੀਐੱਫ ਬਾਇਲੇ, ਬ੍ਰਾਇਨ ਫਿਟਜਪੈਟ੍ਰਿਕ ਮੇਰੀ ਗੇ ਸੈਲਾਨ, ਡੇਬੀ ਡਿੰਗੇਲ ਤੇ ਡੇਵਿਡ ਟ੍ਰੋਨ ਸ਼ਾਮਲ ਹਨ।

ਬਰਤਾਨੀਆ ਵਿਚ ਗੁਫਤਗੂ

ਉਧਰ, ਜਦੋਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਬਰਤਾਨੀਆ ਦੇ ਪੀਐੱਮ ਬੋਰਿਸ ਜਾਨਸਨ ਗਣਤੰਤਰ ਦਿਵਸ ’ਤੇ ਭਾਰਤ ਦੇ ਰਾਜਕੀ ਮਹਿਮਾਨ ਹੋਣਗੇ ਉਦੋਂ ਤੋਂ ਉੱਥੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਨਵੀਂ ਗੁਫਤਗੂ ਸ਼ੁਰੂ ਹੋ ਗਈ ਹੈ। ਇਸ ਮੁੱਦੇ ਨੂੰ ਉੱਥੋਂ ਦੀ ਸੰਸਦ ਵਿਚ ਉਠਾ ਚੁੱਕੇ ਭਾਰਤੀ ਮੂਲ ਦੇ ਸਾਂਸਦ ਤਨਮਨਜੀਤ ਸਿੰਘ ਧੇਸੀ ਨੇ ਸ਼ੁਕਰਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਹ ਤਮਾਮ ਦੂਜੇ ਬਿ੍ਰਟਿਸ਼ ਸਾਂਸਦਾਂ ਵੱਲੋਂ ਲਿਖੇ ਗਏ ਪੱਤਰ ਨੂੰ ਪੀਐੱਮ ਜਾਨਸਨ ਨੂੰ ਸੌਂਪਣਗੇ ਤੇ ਉਨ੍ਹਾਂ ਤੋਂ ਬੇਨਤੀ ਕਰਨਗੇ ਕਿ ਇਸ ਮੁੱਦੇ ’ਤੇ ਉਹ ਆਪਣਾ ਰੁਖ ਸਪੱਸ਼ਟ ਕਰਨ।

Posted By: Susheel Khanna