ਨਵੀਂ ਦਿੱਲੀ, ਏਜੰਸੀ : ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਲੱਗੇ ਹਨ। ਹੁਣ ਤਕ ਦੇ ਰੁਝਾਨ ਸਾਫ਼ ਹਨ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ, ਅਸਾਮ 'ਚ ਸਰਬਾਨੰਦ ਸੋਨੋਵਾਲ ਤੇ ਕੇਰਲ 'ਚ ਪਿਨਾਨ ਰਾਈ ਵਿਜਯਨ ਮੁੜ ਸਰਕਾਰ ਬਣਾਉਣ ਜਾ ਰਹੇ ਹਨ। ਉੱਥੇ ਹੀ ਪੁੱਡੂਚੇਰੀ 'ਚ ਪਹਿਲੀ ਵਾਰ ਐੱਨਡੀਏ ਦੀ ਦੀ ਸਰਕਾਰ ਬਣਨ ਜਾ ਰਹੀ ਹੈ। ਤਾਮਿਲਨਾਡੂ 'ਚ ਇਸ ਵਾਰ ਡੀਐੱਮਕੇ ਦੀ ਸਰਕਾਰ ਬਣਨਾ ਲਗਪਗ ਤੈਅ ਹੈ। ਆਓ ਜਾਣਦੇ ਹਾਂ ਕਿਸ ਸੂਬੇ 'ਚ ਕੀ ਸਥਿਤੀ ਹੈ...

ਪੱਛਮੀ ਬੰਗਾਲ 'ਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਹੁਣ ਤਕ ਦੇ ਰੁਝਾਨਾਂ 'ਚ ਤ੍ਰਿਣਮੂਲ ਕਾਂਗਰਸ ਨੇ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਟੀਐੱਮਸੀ ਮੁੜ ਬੰਗਾਲ 'ਚ ਜਿੱਤ ਦੀ ਹੈਟ੍ਰਿਕ ਲਗਾਉਂਦੀ ਨਜ਼ਰ ਆ ਰਹੀ ਹੈ, ਜਦਕਿ ਭਾਜਪਾ 100 ਤੋਂ ਹੇਠਾਂ ਹੀ ਰੁਕਦੀ ਦਿਸ ਰਹੀ ਹੈ। ਪੱਛਮੀ ਬੰਗਾਲ ਦੀ ਚੋਣ ਇਸ ਵਾਰ ਕਾਫੀ ਰੌਚਕ ਰਹੀ। ਪਹਿਲੀ ਵਾਰ ਟੀਐੱਮਸੀ ਦੀ ਸਿੱਧੀ ਭਾਜਪਾ ਨਾਲ ਟੱਕਰ ਹੋਈ। ਸ਼ੁਰੂਆਦੀ ਰੁਝਾਨਾਂ 'ਚ ਮਮਤਾ ਦੀ ਟੀਐੱਮਸੀ ਦੀ ਜਿੱਤ ਲਗਪਗ ਤੈਅ ਹੈ। ਜੇਕਰ ਇਹ ਰੁਝਾਨ ਨਤੀਜਿਆਂ 'ਚ ਤਬਦੀਲ ਹੋ ਜਾਂਦੇ ਹਨ ਤਾਂ 66 ਸਾਲ ਦੀ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣ ਸਕਦੀ ਹੈ। ਹਾਲਾਂਕਿ, ਮਮਤਾ ਫਿਲਹਾਲ ਨੰਦੀਗ੍ਰਾਮ ਸੀਟ ਤੋਂ ਆਪਣੇ ਮੁਕਾਬਲੇਬਾਜ਼ ਸੁਭੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਹੈ। ਮਮਤਾ ਨੇ 20 ਮਈ 2011 ਨੂੰ ਪਹਿਲੀ ਤੇ 27 ਮਈ 2016 ਨੂੰ ਦੂਸਰੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।

ਪੱਛਮੀ ਬੰਗਾਲ 'ਚ ਕੌਣ ਕਿਹੜੀ ਸੀਟ 'ਤੇ ਅੱਗੇ

ਭਾਜਪਾ 77 ਸੀਟਾਂ 'ਤੇ ਅੱਗੇ

ਟੀਐੱਮਸੀ 202 ਸੀਟਾਂ 'ਤੇ ਅੱਗੇ

ਕਾਂਗਰਸ+ 4 ਸੀਟਾਂ 'ਤੇ ਅੱਗੇ

2. ਤਾਮਿਲਨਾਡੂ 'ਚ ਡੀਐੱਮਕੇ-ਕਾਂਗਰਸ ਦੀ ਸਰਕਾਰ ਬਣਨੀ ਤੈਅ

ਜੈਲਲਿਤਾ ਤੇ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ 'ਚ ਇੱਥੇ ਵੱਡਾ ਉਲਟਫੇਰ ਹੁੰਦਾ ਦਿਸ ਰਿਹਾ ਹੈ। ਜੈਲਲਿਤਾ ਦੀ ਵਿਰਾਸਤ ਸੰਭਾਲ ਰਹੇ ਈ ਪਲਾਨੀਸਾਮੀ ਦੀ ਕੁਰਸੀ ਖ਼ਤਰੇ 'ਚ ਦਿਸ ਰਹੀ ਹੈ। ਪਲਾਨੀਸਾਮੀ ਦੀ ਪਾਰਟੀ ਏਆਈਏਡੀਐੱਮਕੇ ਹੁਣ ਤਕ ਦੇ ਰੁਝਾਨਾਂ 'ਚ ਬਹੁਮਤ ਦੇ ਅੰਕੜੇ ਤੋਂ ਕਾਫੀ ਪਿੱਛੇ ਦਿਸ ਰਹੀ ਹੈ। ਇਸ ਵਾਰ AIADMK ਤੇ ਭਾਜਪਾ ਮਿਲ ਕੇ ਚੋਣ ਮੈਦਾਨ 'ਚ ਸਨ। ਦੂਸਰੇ ਪਾਸੇ ਡੀਐੱਮਕੇ ਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਨੀ ਲਗਪਗ ਤੈਅ ਹੈ।

ਡੀਐੱਮਕੇ ਵੱਲੋਂ ਐੱਮਕੇ ਸਟਾਲਿਨ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਸਕਦੇ ਹਨ।

ਤਾਮਿਲਨਾਡੂ 'ਚ ਕੌਣ ਕਿੰਨੀਆਂ ਸੀਟਾਂ 'ਤੇ ਅੱਗੇ

AIADMK+ 88 ਸੀਟਾਂ 'ਤੇ ਅੱਗੇ

DMK+ 145 ਸੀਟਾਂ 'ਤੇ ਅੱਗੇ

3. ਅਸਾਮ 'ਚ ਭਾਜਪਾ ਦੀ ਸਰਕਾਰ, ਸੋਨੋਵਾਲ ਦੂਸਰੀ ਵਾਰ ਬਣਨਗੇ ਮੁੱਖ ਮੰਤਰੀ

50 ਸਾਲ ਦੇ ਸਰਬਾਨੰਦ ਸੋਨੋਵਾਲ 'ਤੇ ਅਸਾਮ ਦੀ ਜਨਤਾ ਨੇ ਮੁੜ ਭਰੋਸਾ ਕੀਤਾ ਹੈ। ਹੁਣ ਤਕ ਦੇ ਰੁਝਾਨਾਂ 'ਚ ਸੋਨੋਵਾਲ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਬਣਦੇ ਨਜ਼ਰ ਆ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸਾਮ 'ਚ ਪਹਿਲੀ ਵਾਰ ਹੋਵੇਗਾ ਜਦੋਂ ਇੱਕੋ ਚਿਹਰਾ ਦੂਸਰੀ ਵਾਰ ਮੁੱਖ ਮੰਤਰੀ ਅਹੁਦੇ 'ਤੇ ਕਾਬਜ਼ ਹੋਵੇਗਾ। 1946 ਤੋਂ ਸ਼ੁਰੂ ਹੋਈ ਅਸਾਮ ਦੀ ਸਿਆਸਤ 'ਚ ਹੁਣ ਤਕ ਕੋਈ ਵੀ ਅਜਿਹਾ ਨਹੀਂ ਜਿਹੜਾ ਦੋ ਵਾਰ ਮੁੱਖ ਮੰਤਰੀ ਬਣਿਆ ਹੋਵੇ।

ਸੋਨੋਵਾਲ ਪਹਿਲੀ ਵਾਰ ਇੱਥੇ 24 ਮਈ 2016 ਨੂੰ ਮੁੱਖ ਮੰਤਰੀ ਬਣੇ ਸਨ। ਭਾਜਪਾ ਨੇ ਇੱਥੇ ਅਸਾਮ ਗਣ ਪ੍ਰੀਸ਼ਦ ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣ ਲੜੀ ਸੀ।

ਅਸਾਮ 'ਚ ਕੌਣ ਕਿੰਨੀਆਂ ਸੀਟਾਂ 'ਤੇ ਅੱਗੇ

ਭਾਜਪਾ 76 ਸੀਟਾਂ 'ਤੇ ਅੱਗੇ

ਕਾਂਗਰਸ+ 47 ਸੀਟਾਂ ਨਾਲ ਅੱਗੇ

ਹੋਰ 3 ਸੀਟਾਂ 'ਤੇ ਅੱਗੇ

4. ਕੇਰਲ 'ਚ ਵਿਜਯਨ ਦੂਸਰੀ ਵਾਰ ਹੋ ਸਕਦੇ ਹਨ ਮੁੱਖ ਮੰਤਰੀ

ਲੈਫਟ ਪਾਰਟੀਆਂ ਦਾ ਜਨ ਆਧਾਰ ਹੁਣ ਸਿਰਫ਼ ਕੇਰਲ 'ਚ ਹੀ ਬਚਾਇਆ ਹੈ। ਇਸ ਲਈ ਲੈਫਟ ਡੈਮੋਕ੍ਰੇਟਿਕ ਫਰੰਟ (LDF) ਲਈ ਸਰਕਾਰ ਬਚਾਉਣ ਦੀ ਸਭ ਤੋਂ ਵੱਡੀ ਚੁਣੌਤੀ ਸੀ। ਇੱਥੇ ਕਮਿਊਨਿਸਟੀ ਪਾਰਟੀ ਆਫ ਇੰਡੀਆ (ਮਾਕਰਸਵਾਦੀ) ਨਾਲ 12 ਹੋਰ ਪਾਰਟੀਆਂ ਨੇ ਮਿਲ ਕੇ ਚੋਣ ਲੜੀ ਸੀ। ਹੁਣ ਤਕ ਦੇ ਰੁਝਾਨਾਂ ਮੁਤਾਬਿਕ, ਐੱਲਡੀਐੱਫ ਜਿੱਤ ਹਾਸਲ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 77 ਸਾਲ ਦੇ ਪਿਨਾਰਾਈ ਵਿਜਯਨ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੂਸਰੇ ਪਾਸੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੀ ਸਰਕਾਰ ਬਣਾਉਣ ਦਾ ਸੁਪਨਾ ਇਸ ਵਾਰ ਵੀ ਇੱਥੇ ਪੂਰਾ ਨਹੀਂ ਹੋ ਸਕੇਗਾ। ਇਹ ਲਗਾਤਾਰ ਦੂਸਰੀ ਵਾਰ ਹੈ ਜਦੋਂ ਕਾਂਗਰਸ ਆਪਣੀ ਸਰਕਾਰ ਇੱਥੇ ਨਹੀਂ ਬਣਾ ਸਕੇਗੀ। ਇਸ ਵਾਰ ਭਾਜਪਾ ਨੇ ਵੀ 5 ਛੋਟੀਆਂ ਪਾਰਟੀਆਂ ਨਾਲ ਮਿਲ ਕੇ ਚੋਣਾਂ 'ਚ ਪੂਰੀ ਤਾਕਤ ਲਗਾਈ ਹੈ। ਹਾਲਾਂਕਿ, ਭਾਜਪਾ ਗਠਜੋੜ ਨੂੰ ਕੁਝ ਖਾਸ ਸਫ਼ਲਤਾ ਨਹੀਂ ਮਿਲੀ।

ਕੇਰਲ 'ਚ ਕੌਣ ਕਿੰਨੀਆਂ ਸੀਟਾਂ 'ਤੇ ਅੱਗੇ

ਲੈਫਟ 83 ਸੀਟਾਂ 'ਤੇ ਅੱਗੇ

ਕਾਂਗਰਸ+ 45 ਸੀਟਾਂ 'ਤੇ ਅੱਗੇ

ਭਾਜਪਾ+ 4 ਸੀਟਾਂ 'ਤੇ ਅੱਗੇ

5. ਪੁੱਡੂਚੇਰੀ 'ਚ ਪਹਿਲੀ ਵਾਰ ਭਾਜਪਾ ਗਠਜੋੜ ਦੀ ਸਰਕਾਰ

ਕੇਂਦਰ ਸ਼ਾਸਿਤ ਇਸ ਛੋਟੇ ਜਿਹੜੇ ਸੂਬੇ 'ਚ ਪਹਿਲੀ ਵਾਰ ਅਜਿਹੇ ਆਸਾਰ ਬਣ ਰਹੇ ਹਨ ਜਦੋਂ ਭਾਜਪਾ ਗਠਜੋੜ ਦੀ ਸਰਕਾਰ 'ਚ ਸ਼ਾਮਲ ਹੋ ਸਕਦੀ ਹੈ। ਇੱਥੇ ਆਲ ਇੰਡੀਆ NR ਕਾਂਗਰਸ ਯਾਨੀ AINRC ਦੀ ਅਗਵਾਈ 'ਚ BJP ਤੇ ਏਆਈਡੀਐੱਮਕੇ ਸ਼ੁਰੂਆਤੀ ਰੁਝਾਨਾਂ 'ਚ ਅੱਗੇ ਦਿਸ ਰਹੀਆਂ ਹਨ। ਹਾਲਾਂਕਿ ਏਆਈਐੱਨਆਰਸੀ ਗਠਜੋੜ ਇੱਥੇ ਸਰਕਾਰ ਬਣਾਉਣ 'ਚ ਸਫ਼ਲ ਹੁੰਦੀ ਹੈ ਤਾਂ ਮੁੱਖ ਮੰਤਰੀ AINRC ਦੇ ਮੁਖੀ ਐੱਨ ਰੰਗਾਸਵਾਮੀ ਹੀ ਹੋਣਗੇ। ਰੰਗਾਸਵਾਮੀ ਦੂਸਰੀ ਵਾਰ ਪੁੱਡੂਚੇਰੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਰਕਾਰ ਵਿਚ ਭਾਜਪਾ ਤੇ ਏਆਈਡੀਐੱਮਕੇ ਦੇ ਮੰਤਰੀ ਹੀ ਹੋਣਗੇ। ਇੱਥੇ ਇਸੇ ਸਾਲ ਫਰਵਰੀ 'ਚ ਕਾਂਗਰਸ ਦੀ ਸਰਕਾਰ ਡਿੱਗ ਗਈ ਸੀ।

ਪੁੱਡੂਚੇਰੀ'ਚ ਕੌਣ ਕਿੰਨੀਆਂ ਸੀਟਾਂ 'ਤੇ ਅੱਗੇ

ਭਾਜਪਾ+ 8 ਸੀਟਾਂ 'ਤੇ ਅੱਗੇ

ਕਾਂਗਰਸ+ 3 ਸੀਟਾਂ 'ਤੇ ਅੱਗੇ

Posted By: Seema Anand