ਜੇਐੱਨਐੱਨ, ਸਿਲੀਗੁੜੀ : ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬੰਗਾਲ ’ਚ 294 ਸੀਟਾਂ ’ਚੋਂ 70 ਸੀਟਾਂ ਪਾਰ (ਜਿੱਤ) ਕੇ ਦਿਖਾ ਦੇਣ। ਉਹ ਬੁੱਧਵਾਰ ਨੂੰ ਸਿਲੀਗੁੜੀ ਦੇ ਨੇੜੇ ਡਾਬਗ੍ਰਾਮ-ਫੂਲਬਾੜੀ ਵਿਧਾਨ ਸਭਾ ਹਲਕੇ ਤਹਿਤ ਡਾਬਗ੍ਰਾਮ ਦੇ ਭਵੇਸ਼ ਮੋੜ ’ਤੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਡਾਬਗ੍ਰਾਮ-ਫੂਲਬਾਡ਼ੀ ਵਿਧਾਨ ਸਭਾ ਖੇਤਰ ਦੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਗੌਤਮ ਦੇਵ ਤੇ ਸਿਲੀਗੁੜੀ ਵਿਧਾਨ ਸਭਾ ਹਲਕੇ ਦੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਪ੍ਰੋਫੈਸਰ ਓਮਪ੍ਰਕਾਸ਼ ਮਿਸ਼ਰਾ ਦੇ ਸਮਰਥਨ ’ਚ ਉਕਤ ਰੈਲੀ ਕੀਤੀ ਗਈ ਸੀ।

ਇਸ ਮੌਕੇ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਅਜੇ ਸਿਰਫ਼ ਚਾਰ ਗੇੜਾਂ ਦੀਆਂ 135 ਸੀਟਾਂ ਦੇ ਚੋਣ ’ਚ ਮੋਦੀ ਕਹਿ ਰਹੇ ਹਨ ਕਿ ਅਸੀਂ ਸੈਂਚੁਰੀ ਮਾਰ ਲਈ। ਉਹ 294 ਸੀਟਾਂ ’ਚੋਂ 70 ਪਾਰ ਕਰ ਕੇ ਦਿਖਾ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਵੇਲੇ ਕੋਈ ਇਕ ਵਾਰ ਇੱਥੇ ਝਾਕਣ ਤਕ ਨਹੀਂ ਆਇਆ। ਹੁਣ ਬਾਹਰੀ ਲੋਕਾਂ ਨੂੰ ਲਿਆ ਕੇ ਕੋਰੋਨਾ ਵਧਾ ਰਹੇ ਹਨ। ਕੋਰੋਨਾ ਵਧਾ ਕੇ ਸਭ ਭੱਜ ਜਾਣਗੇ। ਉਦੋਂ ਸਾਨੂੰ ਝੱਲਣਾ ਪਵੇਗਾ। ਅਸੀਂ ਪੈਸੇ ਦੇ ਕੇ ਕੋਰੋਨਾ ਵੈਕਸੀਨ ਖ਼ਰੀਦਣ ਲਈ ਵਾਰ-ਵਾਰ ਕਿਹਾ, ਪਰ ਸਾਨੂੰ ਵੈਕਸੀਨ ਨਹੀਂ ਦਿੱਤੀ ਜਾ ਰਹੀ। ਕੋਰੋਨਾ ਮਹਾਮਾਰੀ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਨਹੀਂ ਕੀਤਾ। ਹੁਣ ਵੀ ਦੇਸ਼ ਭਰ ’ਚ ਹਾਲਾਤ ਬਹੁਤ ਖ਼ਰਾਬ ਹਨ।

ਮੈਂ ਜਵਾਨਾਂ ਨੂੰ ਨਹੀਂ, ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਜ਼ਿੰਮੇਵਾਰ

ਇਸ ਦੌਰਾਨ ਮਮਤਾ ਨੇ ਕਿਹਾ ਕਿ ਮੈਂ ਗੋਲ਼ੀ ਕਾਂਡ ਲਈ ਸੀਆਰਪੀਐੱਫ ਤੇ ਸੀਆਈਐੱਸਐੱਫ ਨੂੰ ਜ਼ਿੰਮੇਵਾਰ ਨਹੀਂ ਦੱਸਿਆ, ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਦੀ ਹਾਂ। ਰੇਲ, ਬੀਐੱਸਐੱਨਐੱਲ, ਐੱਲਆਈਸੀ ਤੇ ਕੋਲ ਇੰਡੀਆ ’ਚ ਕੰਮ ਕਰਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਭਾਜਪਾ ਨੂੰ ਕਿਸੇ ਵੀ ਕੀਮਤ ’ਤੇ ਵੋਟ ਨਾ ਪਾਉਣਾ। ਉਸ ਨੇ ਸਭ ਕੁਝ ਵੇਚ ਦਿੱਤਾ ਹੈ। ਮੋਟਾ ਝੰਡਾ, ਬੀਜੇਪੀ ਦਾ ਡੰਡਾ, ਗੋਲ਼ੀ ਚਲਾਏ ਗੁੰਡਾ ਤੇ ਲੋਕਾਂ ਨੂੰ ਕਰ ਦੇਵੇ ਠੰਡਾ, ਇਹੀ ਸਭ ਭਾਜਪਾ ਕਰ ਰਹੀ ਹੈ। ਅਮਿਤ ਸ਼ਾਹ ਸਿਲੀਗੁਡ਼ੀ ’ਚ ਇਕ ਗੱਲ ਕਹਿੰਦੇ ਹਨ ਤੇ ਦਾਰਜਲਿੰਗ ’ਚ ਦੂਜੀ। ਉਹ ਗੋਰਖਿਆਂ ਨੂੰ ਕਹਿੰਦੇ ਹਨ ਕਿ ਅਸੀਂ ਐੱਨਆਰਸੀ ਦੀ ਗੱਲ ਕਦੀ ਨਹੀਂ ਕੀਤੀ ਤੇ ਇੱਥੇ ਲੋਕਾਂ ਨੂੰ ਕਹਿੰਦੇ ਹਨ ਕਿ ਐੱਨਆਰਸੀ ਲਾਗੂ ਹੋ ਕੇ ਰਹੇਗੀ। ਜਨਤਾ ਸਭ ਦੇਖ ਰਹੀ ਹੈ।

Posted By: Tejinder Thind