ਜੇਐੱਨਐੱਨ, ਨਵੀਂ ਦਿੱਲੀ : ਮੰਗਲਵਾਰ ਨੂੰ ਚਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਕੁੱਲ 475 ਵਿਧਾਨ ਸਭਾ ਖੇਤਰਾਂ ’ਚ 1.5 ਲੱਖ ਮਤਦਾਨ ਕੇਂਦਰਾਂ ’ਤੇ ਸ਼ਾਂਤੀਪੂਰਨ ਮਤਦਾਨ ਹੋਇਆ। ਚੋਣ ਕਮਿਸ਼ਨ ਦੇ ਮੁਤਾਬਕ, ਉੱਤਰ ਪੂਰਬ ਦੇ ਸੂਬੇ ਅਸਾਮ ’ਚ ਤੀਜੇ ਤੇ ਆਖ਼ਰੀ ਗੇੜ ਦੇ ਮਤਦਾਨ ’ਚ ਸ਼ਾਮ ਪੰਜ ਵਜੇ ਤਕ 77.68 ਫ਼ੀਸਦੀ ਵੋਟਾਂ ਪਈਆਂ। ਇਸ ਸੂਬੇ ’ਚ ਮਤਦਾਨ ਦੇ ਪੰਜ ਗੇੜ ਹਾਲੇ ਬਾਕੀ ਹਨ। ਸ਼ਾਮ ਪੰਜ ਵਜੇ ਤਕ ਕੇਰਲ ਵਿਧਾਨ ਸਭਾ ਚੋਣਾਂ ’ਚ 69.95 ਫ਼ੀਸਦੀ, ਤਾਮਿਲਨਾਡੂ ’ਚ 63.47 ਫ਼ੀਸਦੀ ਤੇ ਪੁਡੂਚੇਰੀ ’ਚ 77.90 ਫ਼ੀਸਦੀ ਮਤਦਾਨ ਹੋਇਆ। ਇਨ੍ਹਾਂ ਤਿੰਨਾਂ ਵਿਧਾਨ ਸਭਾਵਾਂ ਲਈ ਇਕ ਹੀ ਗੇੜ ’ਚ ਮਤਦਾਨ ਕਰਾਇਆ ਗਿਆ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਚਾਰ ਸੂਬਿਆਂ ’ਚ ਵੋਟਰਾਂ ਦਾ ਫ਼ੈਸਲਾ ਈਵੀਐੱਮ ’ਚ ਬੰਦ ਹੋ ਗਿਆ।

ਚੋਣ ਕਮਿਸ਼ਨ ਨੇ ਕਿਹਾ ਕਿ ਮਤਦਾਨ ਆਮ ਤੌਰ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਹੋਇਆ। ਬੰਗਾਲ ਤੇ ਅਸਾਮ ’ਚ ਕੁਝ ਘਟਨਾਵਾਂ ਨੂੰ ਛੱਡ ਕੇ ਕਿਤੋਂ ਵੀ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ।

ਬੰਗਾਲ ’ਚ ਭਾਜਪਾ ਹਮਾਇਤੀ ਦੀ ਮਾਂ ਦੀ ਕੁੱਟ-ਕੁੱਟ ਕੇ ਹੱਤਿਆ, ਦੋ ਗ੍ਰਿਫ਼ਤਾਰ

ਬੰਗਾਲ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ’ਚ ਵੀ ਭਾਰੀ ਮਤਦਾਨ ਹੋਇਆ। ਇਸ ਦੌਰਾਨ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵੀ ਹੋਈਆਂ। ਚੋਣ ਕਮਿਸ਼ਨ ਦੇ ਮੁਤਾਬਕ ਸ਼ਾਮ ਪੰਜ ਵਜੇ ਤਕ 77.68 ਫ਼ੀਸਦੀ ਮਤਦਾਨ ਹੋਇਆ। ਹਾਵੜਾ ’ਚ 77.74 ਫ਼ੀਸਦੀ ਵੋਟਾਂ ਪਈਆਂ। ਚੋਣਾਂ ਦੇ ਪਹਿਲੇ ਤੇ ਦੂਜੇ ਗੇੜ ’ਚ ਕ੍ਰਮਵਾਰ 84.63 ਤੇ 86.11 ਫ਼ੀਸਦੀੀ ਵੋਟਾਂ ਪਈਆਂ ਹਨ।

ਹੁਗਲੀ ਜ਼ਿਲ੍ਹੇ ਦੇ ਗੋਘਾਟ ’ਚ ਇਕ ਭਾਜਪਾ ਹਮਾਇਤੀ ਦੀ ਮਾਂ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮਿ੍ਰਤਕਾ ਦਾ ਨਾਂ ਮਾਧਵੀ ਅਦਕ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਦੋ ਹੋਰਨਾਂ ਨੂੰ ਹਿਰਾਸਤ ’ਚ ਲਿਆ ਹੈ। ਆਰਾਮਬਾਗ ਤੋਂ ਤ੍ਰਿਣਮੂਲ ਦੇ ਉਮੀਦਵਾਰ ਸੁਜਾਤਾ ਮੰਡਲ ਨੂੰ ਡਾਗਾਂ ਨਾਲ ਭਜਾਇਆ ਗਿਆ। ਉਲਬੇਰੀਆ ਉੱਤਰੀ ਤੋਂ ਤ੍ਰਿਣਮੂਲ ਦੇ ਉਮੀਦਵਾਰ ਨਿਰਮਲ ਮਾਂਝੀ ਨੂੰ ਵਿਰੋਧ ਦੇ ਕਾਰਨ ਹੈਲਮਟ ਪਾ ਕੇ ਇਲਾਕੇ ਤੋਂ ਬਾਹਰ ਨਿਕਲਣਾ ਪਿਆ। ਹਾਵੜਾ ਜ਼ਿਲ੍ਹੇ ਦੇ ਬਗਨਾਨ ’ਚ ਤ੍ਰਿਣਮੂਲ ਦੇ ਕੈਂਪ ਆਫਿਸ ’ਚ ਭੰਨਤੋੜ ਦੀ ਖ਼ਬਰ ਹੈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਕੈਨਿੰਗ ਵਿਚ ਘਰ ’ਚ ਵੜ ਕੇ ਭਾਜਪਾ ਵਰਕਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹੁਗਲੀ ਦੇ ਜੰਗੀਪਾੜਾ ਦੇ ਡੀਐੱਮ ਹਾਈ ਸਕੂਲ ’ਚ ਬਣੇ ਬੂਥ ’ਚ ਸੂਬਾਈ ਪੁਲਿਸ ਦੇ ਮੁਲਾਜ਼ਮਾਂ ਨੂੰ ਦੇਖੇ ਜਾਣ ’ਤੇ ਭਾਜਪਾ ਉਮੀਦਵਾਰ ਦੇਵਜੀਤ ਸਰਕਾਰ ਨੇ ਉਨ੍ਹਾਂ ਨੂੰ ਬਾਹਰ ਕਢਵਾਇਆ।

ਅਸਾਮ ’ਚ ਵੀ ਕੁਝ ਥਾਵਾਂ ’ਤੇ ਟਕਰਾਅ

ਅਸਾਮ ’ਚ ਤੀਜੇ ਤੇ ਆਖ਼ਰੀ ਦੌਰ ’ਚ 12 ਜ਼ਿਲ੍ਹਿਆਂ ਦੇ 40 ਚੋਣ ਖੇਤਰਾਂ ’ਚ ਸ਼ਾਮ ਛੇ ਵਜੇ ਤਕ 78.94 ਫ਼ੀਸਦੀ ਮਤਦਾਨ ਹੋਇਆ। ਮਾਮੂਲੀ ਹਿੰਸਾ ਦੇ ਬਾਵਜੂਦ ਮਤਦਾਨ ਸ਼ਾਂਤੀਪੂਰਨ ਰਿਹਾ। ਗੋਲਕੰਜ ਦੇ ਦਿਗਮਤਰੀ ਚ ਇਕ ਮਤਦਾਨ ਕੇਂਦਰ ’ਤੇ ਦੋ ਗੁੱਟਾਂ ਵਿਚਾਲੇ ਝੜਪ ਹੋਣ ’ਤੇ ਪੁਲਿਸ ਨੇ ਲਾਠੀਚਾਰਜ ਕਰ ਕੇ ਸਥਿਤੀ ਸੰਭਾਲ ਲਈ।

ਕੇਰਲ ’ਚ 140 ਸੀਟਾਂ ਲਈ ਮਤਦਾਨ

ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ ਮੰਗਲਵਾਰ ਸ਼ਾਮ ਤਕ 71.31 ਫ਼ੀਸਦੀ ਮਤਦਾਨ ਹੋਇਆ। ਕੁੱਲ 957 ਉਮੀਦਵਾਰਾਂ ਦੀ ਕਿਸਮਤ ਈਵੀਐੱਮ ’ਚ ਕੈਦ ਹੋ ਗਈ। ਮਤਦਾਨ ’ਚ ਕੋਰੋਨਾ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਗਿਆ। ਹਾਲਾਂਕਿ ਮਤਦਾਨ ਲਈ ਕਤਾਰ ’ਚ ਖੜ੍ਹੇ ਦੋ ਲੋਕਾਂ ਦੀ ਸਿਹਤ ਸਬੰਧੀ ਕਾਰਨਾਂ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਤਾਮਿਲਨਾਡੂ ’ਚ ਇੱਕਾ-ਦੁੱਕਾ ਘਟਨਾਵਾਂ

ਮੰਗਲਵਾਰ ਸ਼ਾਮ ਛੇ ਵਜੇ ਤਕ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਲਈ 63.47 ਫ਼ੀਸਦੀ ਮਤਦਾਨ ਹੋਇਆ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕਿਤੋਂ ਵੱਡੀ ਵਾਰਦਾਤ ਦੀ ਖ਼ਬਰ ਨਹੀਂ ਮਿਲੀ। ਅੰਨਾ ਡੀਐੱਮਕੇ ਦੇ ਕੇ. ਪਲਾਨੀਸਵਾਮੀ, ਓ. ਪੰਨੀਰਸੇਲਵਮ ਸਮੇਤ ਪ੍ਰਮੁੱਖ ਆਗੂ ਤੇ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਅੰਨਾ ਡੀਐੱਮਕੇ ਦੇ ਐੱਮਪੀ ਪੀ. ਰਵਿੰਦਰਨਾਥ ਨੇ ਦੋਸ਼ ਲਗਾਇਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ’ਤੇ ਡੀਐੱਮਕੇ ਦੇ ਵਰਕਰਾਂ ਨੇ ਹਮਲਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਜਾਨਲੇਵਾ ਹਮਲਾ ਸੀ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ’ਤੇ ਵੱਡੇ ਵੱਡੇ ਪੱਥਰ ਸੁੱਟੇ।

Posted By: Susheel Khanna