ਜੇਐੱਨਐੱਨ, ਗੁਹਾਟੀ : ਅਸਾਮ ਸਰਕਾਰ (Assam Government) ਨੇ ਇਕ ਅਨੋਖੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਹਰ ਵਿਆਹ ਵਾਲੀ ਕੁੜੀ ਨੂੰ ਸਰਕਾਰ ਵੱਲੋਂ 10 ਗ੍ਰਾਮ ਸੋਨੇ ਦਾ ਗਿਫ਼ਟ ਦਿੱਤਾ ਜਾਵੇਗਾ। ਇਸ ਦਾ ਲਾਭ ਅਗਲੇ ਸਾਲ ਜਨਵਰੀ ਤੋਂ ਮਿਲਣਾ ਸ਼ੁਰੂ ਹੋਵੇਗਾ। ਇਸ ਕਵਾਇਤ ਪਿੱਛੇ ਸਰਕਾਰ ਦਾ ਮਕਸਦ ਸੂਬੇ 'ਚ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਹੀ ਬਾਲ ਵਿਆਹ ਨੂੰ ਰੋਕਣਾ ਵੀ ਹੈ। ਇਸ ਕਾਰਨ ਸੂਬੇ 'ਚ ਅਰੁੰਧਤੀ ਸਵਰਨ ਯੋਜਨਾ (Arundhati Gold Scheme) ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜੇਕਰ ਦੁਲਹਣ ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰਦੀ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਇਹ ਤੋਹਫ਼ਾ ਦਿੱਤਾ ਜਾਵੇਗਾ।

ਇਹ ਸ਼ਰਤਾਂ ਕਰਨੀਆਂ ਹੋਣਗੀਆਂ ਪੂਰੀਆਂ

ਅਸਾਮ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਮੀਡੀਆ ਰਿਪੋਰਟਸ ਮੁਤਾਬਿਕ ਸੂਬੇ ਦੇ ਵਿੱਤ ਮੰਤਰੀ ਹਿਮੰਤ ਵਿਸ਼ਵ ਸ਼ਰਮਾ (Himanta Biswa Sarma) ਨੇ ਦੱਸਿਆ ਕਿ ਅਰੁੰਧਤੀ ਸਵਰਨ ਯੋਜਨਾ ਦਾ ਲਾਭ ਲੈਣ ਲਈ ਵਿਆਹ ਵਾਲੀ ਕੁੜੀ ਦਾ ਬਾਲਗ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਸ ਦਾ 10ਵੀਂ ਪਾਸ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਲੜਕੀ ਵੱਲੋਂ ਆਪਣੇ ਵਿਆਹ ਨੂੰ ਰਜਿਸਟਰਡ ਵੀ ਕਰਵਾਉਣਾ ਲਾਜ਼ਮੀ ਹੈ। ਇਸ ਯੋਜਨਾ ਦਾ ਲਾਭ ਉਠਾਉਣ ਲਈ ਲੜਕੀ ਦੇ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ 10 ਗ੍ਰਾਮ ਸੋਨਾ ਤੋਹਫ਼ੇ ਵਜੋਂ ਦਿੱਤਾ ਜਾਵੇਗਾ।

Posted By: Seema Anand