ਗੁਹਾਟੀ : ਅਸਾਮ ਧਮਾਕਾ ਮਾਮਲੇ ਵਿਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨੈਸ਼ਨਲ ਡੈਮੋਯੇਟਿਕ ਫਰੰਟ ਆਫ ਬੋਡੋਲੈਂਡ (ਐੱਨਡੀਐੱਫਬੀ) ਮੁਖੀ ਰੰਜਨ ਦੈਮਾਰੀ ਸਮੇਤ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 2008 ਵਿਚ ਹੋਏ ਲੜੀਵਾਰ ਧਮਾਕਿਆਂ 'ਚ 88 ਲੋਕਾਂ ਦੀ ਮੌਤ ਹੋ ਗਈ ਸੀ।

ਅਦਾਲਤੀ ਕੰਪਲੈਕਸ ਵਿਚ ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਵਿਸ਼ੇਸ਼ ਸੀਬੀਆਈ ਜੱਜ ਅਪਰੇਸ਼ ਚੱਕਰਵਰਤੀ ਨੇ ਸਜ਼ਾ ਦਾ ਐਲਾਨ ਕੀਤਾ। ਦੈਮਾਰੀ ਦੇ ਇਲਾਵਾ ਜਾਰਜ ਬੋਡੋ, ਬੀ ਥਰਾਈ, ਰਾਜੂ ਸਰਕਾਰ, ਅੰਚਈ ਬੋਡੋ, ਇੰਦਰਾ ਬ੍ਰਹਮਾ, ਲੋਕੋ ਬਾਸੂਮਤਾਰੀ, ਖੜਗੇਸ਼ਵਰ ਬਾਸੂਮਤਾਰੀ, ਅਜੇ ਬਾਸੂਮਤਾਰੀ ਅਤੇ ਰਾਜੇਨ ਗੋਯਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਦੋਸ਼ੀਆਂ ਪ੍ਰਭਾਤ ਬੋਡੋ, ਜੈਅੰਤੀ ਬਾਸੂਮਤਾਰੀ ਅਤੇ ਮ}ਰਾ ਬ੍ਰਹਮਾ 'ਤੇ ਅਦਾਲਤ ਨੇ ਜੁਰਮਾਨਾ ਲਗਾਇਆ ਹੈ। ਜੁਰਮਾਨਾ ਭਰਨ ਪਿੱਛੋਂ ਇਨ੍ਹਾਂ ਦੀ ਰਿਹਾਈ ਹੋਵੇਗੀ ਜਦਕਿ ਨਿਲਿਮ ਦੈਮਾਰੀ ਅਤੇ ਮੁਦੁਲ ਗੋਯਾਰੀ ਨੂੰ ਅਦਾਲਤ ਨੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਕਿਉਂਕਿ ਇਨ੍ਹਾਂ ਨੇ ਆਪਣੀ ਸਜ਼ਾ ਦੇ ਬਰਾਬਰ ਪਹਿਲੇ ਹੀ ਕੈਦ ਕੱਟ ਲਈ ਹੈ।

ਅਸਾਮ ਦੇ ਗੁਹਾਟੀ, ਕੋਕਰਾਝਾਰ, ਬਾਰਪੇਟਾ ਅਤੇ ਬੋਗਾਈਗਾਂਵ ਜ਼ਿਲ੍ਹੇ ਵਿਚ 30 ਅਕਤੂਬਰ, 2008 ਨੂੰ ਲੜੀਵਾਰ ਢੰਗ ਨਾਲ ਹੋਏ ਨੌਂ ਧਮਾਕਿਆਂ ਵਿਚ 88 ਲੋਕਾਂ ਦੀ ਮੌਤ ਹੋਈ ਸੀ ਅਤੇ 540 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ। ਪੁਲਿਸ ਨੇ ਜਾਂਚ ਨੂੰ ਆਪਣੇ ਹੱਥ ਵਿਚ ਲੈਣ ਪਿੱਛੋਂ ਸੀਬੀਆਈ ਨੇ 22 ਲੋਕਾਂ ਨੂੰ ਦੋਸ਼ੀ ਬਣਾਇਆ ਸੀ ਜਿਨ੍ਹਾਂ ਵਿਚੋਂ 15 ਦੋਸ਼ੀ ਗਿ੍ਰਫ਼ਤਾਰ ਕੀਤੇ ਗਏ ਸਨ। ਸੱਤ ਅਜੇ ਤਕ ਫ਼ਰਾਰ ਹਨ। ਸੋਮਵਾਰ ਨੂੰ ਅਦਾਲਤ ਨੇ ਦੈਮਾਰੀ ਅਤੇ ਹੋਰ 14 ਲੋਕਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ਵਿਚ ਸਿਰਫ਼ ਰੰਜਨ ਦੈਮਾਰੀ ਹੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਸੀ। ਸਜ਼ਾ ਸੁਣਾਏ ਜਾਣ ਪਿੱਛੋਂ ਉਸ ਦੀ ਜ਼ਮਾਨਤ ਰੱਦ ਹੋ ਗਈ ਅਤੇ ਉਸ ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ ਗਿਆ। ਬਾਕੀ 14 ਲੋਕ ਨਿਆਇਕ ਹਿਰਾਸਤ ਵਿਚ ਜੇਲ੍ਹ ਵਿਚ ਹੀ ਸਨ।

ਸਜ਼ਾ ਸੁਣਾਏ ਜਾਣ ਪਿੱਛੋਂ ਐੱਨਡੀਐੱਫਸੀ ਮੁਖੀ ਰੰਜਨ ਦੈਮਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਉੱਚ ਅਦਾਲਤ ਵਿਚ ਅਪੀਲ ਕਰੇਗਾ। ਉਸ ਨੇ ਇਕ ਵਾਰ ਫਿਰ ਦੁਹਰਾਇਆ ਕਿ ਬੋਡੋਲੈਂਡ ਦਾ ਨਿਰਮਾਣ ਹੋ ਕੇ ਰਹੇਗਾ।