ਏਐੱਨਆਈ, ਨਵੀਂ ਦਿੱਲੀ : ਜਾਇਡਸ ਕੈਡਿਲਾ (Zydus Cadila) ਦੀ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਦਿੱਲੀ ਹਾਈਕੋਰਟ ’ਚ ਅਹਿਮ ਜਾਣਕਾਰੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ’ਚ ਦਰਜ ਆਪਣੇ ਹਲਫ਼ਨਾਮੇ ’ਚ ਕਿਹਾ ਹੈ ਕਿ 12 ਤੋਂ 18 ਉਮਰ ਵਰਗ ਲਈ ਟੈਸਟ ਪੂਰਾ ਹੋਣ ਦੇ ਕਰੀਬ ਹੈ। ਉਥੇ ਹੀ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੋਵੈਕਸੀਨ ਦੇ ਟੈਸਟਾਂ ਨੂੰ ਪੂਰਾ ਹੋਣ ਦਿਓ, ਜੇਕਰ ਸੰਪੂਰਨ ਟੈਸਟਾਂ ਬਿਨਾਂ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਤਾਂ ਉਹ ਖ਼ਤਰਨਾਕ ਹੋਵੇਗਾ। ਦੱਸ ਦੇਈਏ ਕਿ ਇਹ ਵੈਕਸੀਨ 12-18 ਸਾਲ ਦੀ ਉਮਰ ਵਰਗ ਨੂੰ ਲੱਗਣੀ ਹੈ।

ਕੋਵਿਡ ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐੱਨਕੇ ਅਰੋੜਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜਾਇਡਸ ਕੈਡਿਲਾ ਦੀ ਵੈਕਸੀਨ ਦਾ ਟ੍ਰਾਈਲ ਕਰੀਬ-ਕਰੀਬ ਪੂਰਾ ਹੋ ਚੁੱਕਾ ਹੈ। ਜੁਲਾਈ ਦੇ ਅੰਤ ਤਕ ਜਾਂ ਅਗਸਤ ’ਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਇਸਨੂੰ ਲਗਾਏ ਜਾਣ ਦੀ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਸਮੇਂ ’ਚ ਸਾਡਾ ਉਦੇਸ਼ ਰੋਜ਼ਾਨਾ ਇਕ ਕਰੋੜ ਵੈਕਸੀਨ ਡੋਜ਼ ਲਗਾਉਣ ਦਾ ਹੈ।

ਡਾ. ਐੱਨਕੇ ਅਰੋੜਾ ਨੇ ਇਹ ਵੀ ਕਿਹਾ ਸੀ ਕਿ ਆਈਸੀਐੱਮਆਰ ਦੇ ਇਕ ਅਧਿਆਇ ਅਨੁਸਾਰ, ਤੀਸਰੀ ਲਹਿਰ ਦੇਰ ਨਾਲ ਆਉਣ ਦੀ ਸੰਭਾਵਨਾ ਹੈ। ਅਜਿਹੇ ’ਚ ਸਾਡੇ ਕੋਲ ਦੇਸ਼ ’ਚ ਹਰ ਕਿਸੇ ਦਾ ਟੀਕਾਕਰਨ ਕਰਨ ਲਈ ਹਾਲੇ ਸਮਾਂ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਸਾਡਾ ਉਦੇਸ਼ ਹਰ ਦਿਨ ਇਕ ਕਰੋੜ ਖ਼ੁਰਾਕ ਦੇਣ ਦਾ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਦਰਜ ਪਟੀਸ਼ਨ ’ਚ ਟੀਕਾ ਉਪਲੱਬਧ ਕਰਵਾਏ ਜਾਣ ਦੀ ਸਥਿਤੀ ਨੂੰ ਲੈ ਕੇ ਇਕ ਹਲਫ਼ਨਾਮੇ ’ਚ ਕਿਹਾ ਸੀ ਕਿ ਡੀਐੱਨਏ ਟੀਕਾ ਵਿਕਸਿਤ ਕਰ ਰਹੇ ਜਾਇਡਸ ਕੈਡਿਲਾ ਨੇ 12 ਤੋਂ 18 ਸਾਲ ਦੀ ਉਮਰ ਵਰਗ ’ਤੇ ਕਲੀਨਿਕਲ ਟ੍ਰਾਈਲ ਪੂਰਾ ਕਰ ਲਿਆ ਹੈ ਅਤੇ ਇਸਨੂੰ ਕਾਨੂੰਨੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਟੀਕਾ ਆਉਣ ਵਾਲੇ ਭਵਿੱਖ ’ਚ 12 ਤੋਂ 18 ਸਾਲ ਦੇ ਬੱਚਿਆਂ ਲਈ ਉਪਲੱਬਧ ਹੋ ਸਕਦਾ ਹੈ।

Posted By: Ramanjit Kaur