ਪੁਣੇ (ਪੀਟੀਆਈ) : ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਐਤਵਾਰ ਦੀ ਦੇਰ ਰਾਤ ਮਹਾਰਾਸ਼ਟਰ ਦੇ ਲਵਾਸਾ ਸਥਿਤ ਆਪਣੇ ਘਰ ਕੋਲ ਅਚਾਨਕ ਡਿੱਗ ਪਏ ਅਤੇ ਬੇਹੋਸ਼ ਹੋ ਗਏ। ਉਨ੍ਹਾਂ ਦੇ ਸਿਰ 'ਚ ਸੱਟ ਲੱਗੀ ਹੈ। ਉਨ੍ਹਾਂ ਨੂੰ ਪੁਣੇ ਸਥਿਤ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਕ ਡਾਕਟਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ 78 ਵਰਿ੍ਹਆਂ ਦੇ ਸ਼ੌਰੀ ਪੁਣੇ ਤੋਂ 60 ਕਿਲੋਮੀਟਰ ਦੂਰ ਹਿੱਲ ਸਿਟੀ ਲਵਾਸਾ ਵਿਚ ਰਹਿੰਦੇ ਹਨ। ਐਤਵਾਰ ਦੀ ਰਾਤ ਉਹ ਆਪਣੇ ਬੰਗਲੇ ਕੋਲ ਸੈਰ ਕਰ ਰਹੇ ਸਨ। ਇਸ ਦੌਰਾਨ ਉਹ ਡਿੱਗ ਪਏ। ਇਸ ਨਾਲ ਉਨ੍ਹਾਂ ਦੇ ਸਿਰ ਤੋਂ ਖ਼ੂਨ ਵਗਣ ਲੱਗਾ ਅਤੇ ਉਹ ਬੇਹੋਸ਼ ਹੋ ਗਏ। ਇਲਾਜ ਕਰਨ ਵਾਲੇ ਨਿਊਰੋ ਸਰਜਨ ਡਾ. ਸਚਿਨ ਗਾਂਧੀ ਨੇ ਦੱਸਿਆ ਕਿ ਕਿਉਂਕਿ ਉਹ ਸਿੱਧੇ ਡਿੱਗੇ ਸਨ, ਇਸ ਲਈ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਜ਼ਖ਼ਮ ਹੋ ਗਿਆ। ਉਨ੍ਹਾਂ ਨੂੰ ਪਹਿਲਾਂ ਹਿੰਜੇਵਾਲੀ ਸਥਿਤ ਇਕ ਹਸਪਤਾਲ ਵਿਚ ਲਿਜਾਇਆ ਗਿਆ। ਦੇਰ ਰਾਤ ਉਨ੍ਹਾਂ ਨੂੰ ਰੂਬੀ ਹਾਲ ਕਲੀਨਿਕ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ। ਉਨ੍ਹਾਂ ਕਿਹਾ ਕਿ ਸਿਟੀ (ਕੰਪਿਊਟਿਡ ਟੋਮੋਗ੍ਰਾਫੀ) ਅਤੇ ਐੱਮਆਰਆਈ (ਮੈਗਨੇਟਿਕ ਰਿਜੋਨੈਂਸ ਇਮੇਜਿੰਗ) ਸਕੈਨ ਵਿਚ ਉਨ੍ਹਾਂ ਦੇ ਸਿਰ ਦੇ ਅੰਦਰ ਖ਼ੂਨ ਦਾ ਵਹਾਅ ਤੇ ਸੋਜ਼ ਦਿਖਾਈ ਦੇ ਰਹੀ ਹੈ ਪਰ ਉਨ੍ਹਾਂ ਦੀ ਹਾਲਤ ਸੁਧਰ ਰਹੀ ਹੈ।