ਨਵੀਂ ਦਿੱਲੀ (ਪੀਟੀਆਈ) : ਅਜਿਹੇ 'ਚ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਲਹਿਰ ਹੌਲੀ-ਹੌਲੀ ਪੇਂਡੂ ਇਲਾਕਿਆਂ ਵੱਲ ਵੱਧ ਰਹੀ ਹੈ, ਕਈ ਸੂਬਿਆਂ ਨੇ ਪੰਚਾਇਤੀ ਰਾਜ ਇਕਾਈਆਂ ਵੱਲੋਂ ਸਵੈ-ਐਲਾਨੇ ਲਾਕਡਾਊਨ, ਪਰਵਾਸੀਆਂ ਦੇ ਅੰਕੜੇ ਇਕੱਠੇ ਕਰਨ, ਬਿਮਾਰਾਂ ਨੂੰ ਮੁਫਤ ਆਨਲਾਈਨ ਸਲਾਹ ਮੁਹੱਈਆ ਕਰਾਉਣ ਸਮੇਤ ਕਈ ਪਹਿਲ ਕੀਤੀਆਂ ਹਨ। ਸਰਕਾਰੀ ਸੂੁਤਰਾਂ ਨੇ ਕਿਹਾ ਕਿ ਪਿੰਡਾਂ 'ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਈ ਸੂਬਿਆਂ ਨੇ ਕੇਂਦਰ ਨਾਲ ਵਿਚਾਰ ਵਟਾਂਦਰਾ ਕਰ ਕੇ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਗੁਜਰਾਤ ਦੇ ਪੰਚਾਇਤੀ ਰਾਜ ਸੰਸਥਾਨਾਂ ਵੱਲੋਂ ਸਵੈ-ਐਲਾਨਿਆ ਲਾਕਡਾਊਨ, ਅਸਾਮ 'ਚ ਸੂਬੇ ਦੇ ਬਾਹਰ ਤੇ ਅੰਦਰ ਤੋਂ ਪੰਚਾਇਤੀ ਖੇਤਰ 'ਚ ਆਉਣ ਵਾਲੇ ਪਰਵਾਸੀਆਂ ਦੇ ਅੰਕੜੇ ਇਕੱਠੇ ਕਰਨ ਦੇ ਇਲਾਵਾ ਗ੍ਰਾਮ ਸੁਰੱਖਿਆ ਕਮੇਟੀਆਂ ਦਾ ਗਠਨ ਕੁਝ ਅਜਿਹੇ ਹੀ ਉਪਾਅ ਹਨ।

ਹਿਮਾਚਲ ਪ੍ਰਦੇਸ਼ ਨੇ ਬਿਮਾਰ ਲੋਕਾਂ ਨੂੰ ਸਲਾਹ ਲਈ ਈਸੰਜੀਵਨੀ ਓਪੀਡੀ ਦੀ ਸ਼ੁਰੂਆਤ ਕੀਤੀ ਹੈ, ਜਦਕਿ ਕੇਰਲ 'ਚ ਕੁਡੁੰਬਸ਼੍ਰੀ ਕਮਿਊਨਿਸਟੀ ਨੈੱਟਵਰਕ ਦਾ ਸਾਂਝਾ ਪ੍ਰਰੋਗਰਾਮ ਕੇਰਲ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਹ ਕੇਰਲ ਸਰਕਾਰ ਦਾ ਇਕ ਸਾਂਝਾ ਪ੍ਰਰੋਗਰਾਮ ਹੈ, ਜਿਸ ਨੂੰ ਗਰੀਬ ਔਰਤਾਂ ਦੇ ਕਮਿਊਨਿਸਟੀ ਵਿਕਾਸ ਸੁਸਾਇਟੀ (ਸੀਡੀਐੱਸ) ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਸੀਡੀਐੱਸ ਸਥਾਨਕ ਸਰਕਾਰ ਦੀ ਕਮਿਊਨਿਟੀ ਇਕਾਈ ਵਾਂਗ ਕੰਮ ਕਰਦੀਆਂ ਹਨ।

ਹਰਿਆਣਾ 'ਚ ਜਾਗਰੂਕਤਾ ਪ੍ਰਰੋਗਰਾਮ ਚਲਾਉਣ ਦੇ ਨਾਲ ਗ੍ਰਾਮ ਨਿਗਰਾਨੀ ਕਮੇਟੀ ਗਠਿਤ ਕਰਨ ਤੇ ਪਰਵਾਸੀ ਮਜ਼ਦੂਰਾਂ ਲਈ ਖਾਸ ਤੌਰ 'ਤੇ ਕੁਆਰੰਟਾਈਨ ਸੈਂਟਰ ਸਥਾਪਤ ਕਰਨ ਦੀ ਪਹਿਲ ਕੀਤੀ ਗਈ ਹੈ। ਗੁਜਰਾਤ 'ਚ ਘਰ-ਘਰ ਜਾ ਕੇ ਆਕਸੀਮੀਟਰ, ਤਾਪਮਾਨ ਨਾਪਣ ਵਾਲੀ ਮਸ਼ੀਨ ਤੇ ਐਟੀਜਨ ਜਾਂਚ ਕਿੱਟ ਦੀ ਮਦਦ ਨਾਲ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਆਂਧਰ ਪ੍ਰਦੇਸ਼ ਨੇ ਕੋਰੋਨਾ ਕੱਟਾਡੀ (ਨਿਗਰਾਨੀ) ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ ਤੇ ਸੂਬੇ ਦੀਆਂ ਗ੍ਰਾਮ ਪੰਚਾਇਤਾਂ ਨੇ ਮਾਸਕ ਨਹੀਂ ਤਾਂ ਦਾਖਲਾ ਨਹੀਂ ਲਈ ਮਤਾ ਪਾਸ ਕੀਤਾ ਹੈ।

ਉੱਤਰ ਪ੍ਰਦੇਸ਼ ਨੇ ਹਰ ਗ੍ਰਾਮ ਪੰਚਾਇਤ 'ਚ ਨਿਗਰਾਨੀ ਕਮੇਟੀ ਗਠਿਤ ਕੀਤੀ ਹੈ, ਜਿਹੜੀ ਸਫਾਈ 'ਤੇ ਧਿਆਨ ਕੇਂਦਰਿਤ ਕਰੇਗੀ, ਜਦਕਿ ਉੱਤਰਾਖੰਡ ਨੇ ਸਾਮਾਨ ਦੀ ਸਪਲਾਈ ਦੀ ਉਚਿਤ ਨਿਗਰਾਨੀ ਦੀ ਵਿਵਸਥਾ ਕੀਤੀ ਹੈ।

ਬੰਗਾਲ 'ਚ ਗੈਰ ਸਰਕਾਰੀ ਸੰਗਠਨਾਂ ਤੇ ਸਵੈ ਸਹਾਇਤਾ ਸਮੂਹਾਂ ਦੀ ਮਦਦ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਸਥਾਨਕ ਬਾਜ਼ਾਰ ਤੇ ਹਾਟ ਨੂੰ ਨਿਯਮਾਂ ਤਹਿਤ ਚਲਾਉਣ ਦੇ ਨਾਲ ਨਾਲ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਖੁਰਾਕ ਦੀ ਵੰਡ ਕਰਵਾਈ ਜਾ ਰਹੀ ਹੈ।

ਮੱਧ ਪ੍ਰਦੇਸ਼ 'ਚ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਆਉਣ 'ਤੇ ਪਿੰਡਾਂ 'ਚ ਕੰਟੇਨਮੈਂਟ ਜ਼ੋਨ ਬਣਾਇਆ ਜਾ ਰਿਹਾ ਹੈ। ਜ਼ੇਰੇ-ਇਲਾਜ ਮਰੀਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਪਿੰਡਾਂ ਨੂੰ ਰੈੱਡ, ਆਰੇਂਜ ਤੇ ਗ੍ਰੀਨ ਜ਼ੋਨ 'ਚ ਵੰਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਤੇ ਘਰ-ਘਰ ਨਿਗਰਾਨੀ ਲਈ ਕੋਰੋਨਾ ਰੋਕਥਾਮ ਕਮੇਟੀ ਗਠਿਤ ਕੀਤੀ ਗਈ।

ਪੰਜਾਬ ਦੇ ਹਰ ਪਿੰਡ 'ਚ ਗ੍ਰਾਮ ਨਿਗਰਾਨੀ ਕਮੇਟੀ ਗਠਿਤ ਕੀਤੀ ਗਈ ਹੈ ਜਿਹੜੀ ਰਾਤ ਦਾ ਕਰਫਿਊ ਯਕੀਨੀ ਬਣਾਉਣ ਲਈ ਪਹਿਰੇ ਦੀ ਵੀ ਵਿਵਸਥਾ ਕਰ ਰਹੀ ਹੈ। ਰਾਜਸਥਾਨ ਦੇ ਕਈ ਪੇਂਡੂ ਇਲਾਕਿਆਂ 'ਚ ਰੋਜ਼ਾਨਾ ਮੈਡੀਕਲ ਕਿੱਟ ਦੀ ਵੰਡ ਕੀਤੀ ਜਾ ਰਹੀ ਹੈ।

ਬਿਹਾਰ 'ਚ ਸਾਰੇ ਪਰਿਵਾਰਾਂ 'ਚ ਮਾਸਕ ਵੰਡਣ ਤੇ ਸਥਾਨਕ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਸਥਾਨਕ ਪੱਧਰ 'ਤੇ ਹੀ ਮਾਸਕ ਖਰੀਦਣ ਦੀ ਪਹਿਲ ਕੀਤੀ ਗਈ ਹੈ।

ਇਨਫੈਕਸ਼ਨ ਦੀ ਲੜੀ ਤੋੜਨ ਲਈ ਸੂਬਿਆਂ ਨੂੰ ਕਦਮ ਚੁੱਕਣ ਦੀ ਅਪੀਲ

ਸਿਹਤ ਮਾਹਿਰਾਂ ਨੇ ਹੋਰਨਾਂ ਸੂਬਿਆਂ ਨੂੰ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲੜੀ ਤੋੜਨ ਲਈ ਇਸੇ ਤਰ੍ਹਾਂ ਦਾ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਨੇ ਵੀ ਸੂਬਿਆਂ ਨੂੰ ਸਲਾਹ ਜਾਰੀ ਕਰ ਕੇ ਪੇਂਡੂ ਪੱਧਰ 'ਤੇ ਕੋਰੋਨਾ ਦੀ ਮੈਨੇਜਮੈਂਟ ਕਰਨ ਤੇ ਪੇਂਡੂ ਇਲਾਕਿਆਂ 'ਚ ਮਹਾਮਾਰੀ ਫੈਲਣ ਤੋਂ ਰੋਕਣ ਲਈ ਅਸਰਦਾਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ।