ਨਵੀਂ ਦਿੱਲੀ (ਪੀਟੀਆਈ) : ਭਾਰਤੀ ਹਵਾਈ ਫ਼ੌਜ ਨੇ ਕਿਹਾ ਹੈ ਕਿ ਬਾਲਾਕੋਟ 'ਚ 26 ਫਰਵਰੀ ਨੂੰ ਹੋਈ ਏਅਰ ਸਟ੍ਰਾਈਕ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਛੇ 'ਚੋਂ ਪੰਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਵਾਈ ਫ਼ੌਜ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਸ ਕੋਲ ਉੱਚ ਪੱਧਰੀ ਤਕਨੀਕੀ ਵਿਭਿੰਨਤਾ ਹੁੰਦੀ ਤਾਂ ਪਾਕਿਸਤਾਨ ਨੂੰ ਉਸ ਦੇ 27 ਫਰਵਰੀ ਦੇ ਹਵਾਈ ਹਮਲੇ ਦੀ ਹਿਮਾਕਤ ਦੌਰਾਨ ਜ਼ਿਆਦਾ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਹਵਾਈ ਫ਼ੌਜ ਨੇ ਬਾਲਾਕੋਟ ਏਅਰ ਸਟ੍ਰਾਈਕ ਦੀ ਸਮੀਖਿਆ ਰਿਪੋਰਟ 'ਚ ਇਹ ਗੱਲਾਂ ਕਹੀਆਂ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਲਾਕੋਟ 'ਚ ਹਮਲੇ ਲਈ ਛੇ ਇਜ਼ਰਾਈਲੀ ਸਪਾਈਸ 2000 ਪੈਨਟ੍ਰੇਟਰ ਟਾਈਪ ਪੀਜੀਐੱਮ (ਪਿ੍ਰਸੀਜ਼ਨ ਗਾਈਡਿਡ ਮਿਊਨਿਸ਼ਨ) ਦਾ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਛੇ ਪੀਜੀਐੱਮ ਨੇ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਕੰਪਲੈਕਸ 'ਚ ਪੰਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਪਰ ਇਕ ਪੀਜੀਐੱਮ ਮਿਰਾਜ 2000 ਤੋਂ ਅਲੱਗ ਨਾ ਹੋ ਸਕਿਆ ਜਿਸ ਕਾਰਨ ਉਸ ਦਾ ਨਿਸ਼ਾਨਾ ਖੁੰਝ ਗਿਆ। ਇਸ ਲਈ ਮਿਰਾਜ 2000 ਦੇ ਨੇਵੀਗੇਸ਼ਨ ਸਿਸਟਮ 'ਚ ਕਿਸੇ ਤੱਤਕਾਲੀ ਗ਼ਲਤੀ ਦੀ ਗੱਲ ਕਹੀ ਗਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਚੌਕਸ ਹਵਾਈ ਫ਼ੌਜ ਨੂੰ ਧੋਖਾ ਦੇਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਲੜਾਕੂ ਜਹਾਜ਼ ਭੇਜੇ ਗਏ ਸਨ। ਜਗੁਆਰ ਨੂੰ ਪਾਕਿਸਤਾਨ ਦੇ ਪ੍ਰਮੁੱਖ ਹਵਾਈ ਫ਼ੌਜ ਸਟੇਸ਼ਨ ਬਹਾਵਲਪੁਰ ਵੱਲ ਭੇਜਿਆ ਗਿਆ। ਭਾਰਤ ਦੀ ਇਹ ਚਾਲ ਸਫਲ ਰਹੀ ਅਤੇ ਪਾਕਿਸਤਾਨ ਬਾਲਾਕੋਟ 'ਚ ਭਾਰਤ ਦੀ ਏਅਰ ਸਟ੍ਰਾਈਕ ਨੂੰ ਫੜ ਨਹੀਂ ਸਕਿਆ।

ਹਵਾਈ ਫ਼ੌਜ ਦੀ ਇਸ ਸਮੀਖਿਆ ਰਿਪੋਰਟ 'ਚ ਹਮਲਿਆਂ ਦੀ ਤਾਕਤ, ਕਮਜ਼ੋਰੀ ਅਤੇ ਇਸ ਤੋਂ ਫ਼ੌਜ ਨੇ ਕੀ ਸਿੱਖਿਆ, ਇਸਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿਸ਼ਾਨੇ 'ਤੇ ਅਚੂਕ ਵਾਰ ਕਰਨ ਲਈ ਹੋਰ ਵੀ ਬਿਹਤਰ ਹਥਿਆਰ ਹੋ ਸਕਦੇ ਸਨ। ਹਮਲੇ ਦੀ ਮੁਕੰਮਲ ਤਿਆਰੀ, ਪਾਇਲਟਾਂ ਦੀ ਮੁਹਾਰਤ ਅਤੇ ਟਿਕਾਣਿਆਂ 'ਤੇ ਅਚੂਕ ਹਮਲੇ ਨੂੰ ਲੈ ਕੇ ਫ਼ੌਜ ਦੀ ਕਾਫ਼ੀ ਤਾਰੀਫ਼ ਕੀਤੀ ਗਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਫ਼ੌਜ ਕੋਲ ਜੇਕਰ ਉੱਚ ਪੱਧਰੀ ਤਕਨੀਕੀ ਵਿਭਿੰਨਤਾ ਹੁੰਦੀ ਤਾਂ ਬਾਲਾਕੋਟ ਏਅਰ ਸਟ੍ਰਾਈਕ ਦੇ ਅਗਲੇ ਦਿਨ 27 ਫਰਵਰੀ ਨੂੰ ਪਾਕਿਸਤਾਨ ਵੱਲੋਂ ਹਵਾਈ ਹਮਲੇ ਦੀ ਕੋਸ਼ਿਸ਼ ਦੌਰਾਨ ਉਸ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਭਾਰਤ ਨੇ ਪਾਕਿ ਦੇ ਇਕ ਐੱਫ-16 ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ।