ਨਵੀਂ ਦਿੱਲੀ, ਏ.ਐਨ.ਆਈ. : ਆਰਮੀ ਡੇਅ ਦੇ ਮੌਕੇ 'ਤੇ ਆਰਮੀ ਡੇਅ ਪਰੇਡ ਨੂੰ ਸੰਬੋਧਿਤ ਕਰਦੇ ਹੋਏ ਆਰਮੀ ਚੀਫ ਜਨਰਲ ਐਮਐਮ ਨਰਵਾਣੇ ਨੇ ਦੇਸ਼ ਨੂੰ ਭਰੋਸਾ ਦਿਵਾਇਆ ਕਿ ਗਲਵਾਨ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਚੀਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪੂਰਬੀ ਲੱਦਾਖ 'ਚ ਚੀਨ ਨਾਲ ਤਣਾਅ ਚੱਲ ਰਿਹਾ ਹੈ। ਸਰਹੱਦ ਦੀ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ 'ਤੇ ਢੁੱਕਵਾਂ ਜਵਾਬ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸਥਿਤੀ ਪਿਛਲੇ ਸਾਲ ਨਾਲੋਂ ਬਿਹਤਰ ਹੈ।

300-400 ਪਾਕਿ ਅੱਤਵਾਦੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ

ਫੌਜ ਮੁਖੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਇਸ ਸਾਲ ਭਾਰਤੀ ਫੌਜ ਵੱਲੋਂ 200 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਲਾਂਚਿੰਗ ਪੈਡ 'ਤੇ 300 ਤੋਂ 400 ਅੱਤਵਾਦੀ ਬੈਠੇ ਹਨ ਜੋ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਜੰਗਬੰਦੀ ਦੀ ਉਲੰਘਣਾ ਦੇ ਮਾਮਲਿਆਂ ਵਿੱਚ 44% ਵਾਧਾ ਹੋਇਆ ਹੈ, ਜੋ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਦਰਸਾਉਂਦਾ ਹੈ।

ਚੀਨ ਅਤੇ ਪਾਕਿਸਤਾਨ ਦੋਵਾਂ ਨੂੰ ਦਿੱਤਾ ਸਖ਼ਤ ਸੰਦੇਸ਼

ਚੀਨ ਅਤੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਨਰਵਾਣੇ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਭਾਰਤੀ ਫੌਜ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਨ੍ਹਾਂ ਕਿਹਾ ਕਿ ਫੌਜ ਚੀਨ ਨਾਲ ਵਿਵਾਦ ਨੂੰ ਗੱਲਬਾਤ ਅਤੇ ਸਿਆਸੀ ਪੱਧਰ 'ਤੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸੇ ਨੂੰ ਫੌਜ ਦੇ ਸਬਰ ਨੂੰ ਪਰਖਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਨਤੀਜੇ ਮਾੜੇ ਹੋਣਗੇ।

Posted By: Ramanjit Kaur