ਨੀਲੂ ਰੰਜਨ, ਨਵੀਂ ਦਿੱਲੀ : ਦੇਸ਼ ਦੀ ਪ੍ਰਭੂਸੱਤਾ ਦੇ ਪ੍ਰਤੀਕ ਲਾਲ ਕਿਲ੍ਹੇ ’ਚ ਆਰਮਜ਼ ਮਿਊਜ਼ੀਅਮ ਖੁੱਲ੍ਹੇਗਾ। ਇਸ ਵਿਚ ਭਾਰਤ ’ਚ ਪ੍ਰਾਚੀਨ ਕਾਲ ਤੋਂ ਇਸਤੇਮਾਲ ਹੋ ਰਹੇ ਹਥਿਆਰਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਸੰਸਕ੍ਰਿਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੁਤਾਬਕ, ਇਸ ਮਿਊਜ਼ੀਅਮ ਦਾ ਮਕਸਦ ਭਾਰਤ ’ਚ ਵੱਖ-ਵੱਖ ਕਾਲ ਖੰਡ ਤੇ ਵੱਖ-ਵੱਖ ਹਿੱਸਿਆਂ ’ਚ ਇਸਤੇਮਾਲ ਹੋਣ ਵਾਲੇ ਹਥਿਆਰਾਂ ਦੀ ਵਿਕਾਸਗਾਥਾ ਨੂੰ ਦਰਸਾਉਣਾ ਹੈ।

ਸੰਸਕ੍ਰਿਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਮੁਤਾਬਕ ਫਿਲਹਾਲ ਦੇਸ਼ ’ਚ ਵੱਖ ਵੱਖ ਮਿਊਜ਼ੀਅਮਾਂ ’ਚ ਪੁਰਾਣੇ, ਮੱਧਕਾਲੀ ਤੇ ਆਧੁਨਿਕ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਹਨ। ਪੁਲਿਸ, ਫ਼ੌਜ, ਜਲ ਸੈਨਾ ਤੇ ਹਵਾਈ ਫ਼ੌਜ ਦੇ ਵੀ ਆਪਣੇ-ਆਪਣੇ ਮਿਊਜ਼ੀਅਮ ਹਨ। ਪਰ ਸਾਰੇ ਤਰ੍ਹਾਂ ਦੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਵਿਸ਼ਾਲ ਮਿਊਜ਼ੀਅਮ ਦੀ ਕਮੀ ਸੀ, ਜਿਹਡ਼ੀ ਲਾਲ ਕਿਲ੍ਹੇ ’ਚ ਬਣਨ ਵਾਲਾ ਮਿਊਜ਼ੀਅਮ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਕੋਲ ਜੇਕਰ ਕੋਈ ਪੁਰਾਣਾ ਹਥਿਆਰ ਹੈ, ਜਿਹਡ਼ਾ ਮਿਊਜ਼ੀਅਮ ’ਚ ਰੱਖਿਆ ਜਾ ਸਕਦਾ ਹੈ, ਤਾਂ ਉਸਨੂੰ ਨਵੇਂ ਮਿਊਜ਼ੀਅਮ ’ਚ ਇਸਨੂੰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਸੰਸਕ੍ਰਿਤੀ ਮੰਤਰਾਲੇ ਦੇ ਅਧਿਕਾਰੀ ਮੁਤਾਬਕ, ਭਾਰਤ ਵਰਗੇ ਵਿਸ਼ਾਲ ਦੇਸ਼ ’ਚ ਵੱਖ-ਵੱਖ ਹਿੱਸਿਆਂ ’ਚ ਰਾਜੇ-ਰਜਵਾਡ਼ਿਆਂ ਦਾ ਲੰਬਾ ਕਾਲ ਰਿਹਾ ਹੈ। ਉਨ੍ਹਾਂ ਦੀ ਅਲੱਗ-ਅਲੱਗ ਫੌਜਾਂ ’ਚ ਵੱਖ ਵੱਖ ਤਰ੍ਹਾਂ ਨਾਲ ਬਣਾਏ ਗਏ ਹਥਿਆਰਾਂ ਦੀ ਵਰਤੋਂ ਹੁੰਦੀ ਸੀ। ਉਨ੍ਹਾਂ ਰਾਜੇ-ਰਜਵਾਡ਼ਿਆਾਂ ਦੀ ਫ਼ੌਜ ’ਚ ਤਾਇਨਾਤ ਫ਼ੌਜੀ ਤੇ ਫ਼ੌਜੀ ਅਧਿਕਾਰੀਆਂ ਦੇ ਪਰਿਵਾਰਾਂ ਕੋਲ ਹਾਲੇ ਵੀ ਉਸ ਜ਼ਮਾਨੇ ਦੇ ਹਥਿਆਰ ਮੌਜੂਦ ਹਨ। ਉਨ੍ਹਾਂ ’ਚੋਂ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਲਈ ਅਜਿਹੇ ਪੁਰਾਣੇ ਤੇ ਦੁਰਲੱਭ ਹਥਿਆਰਾਂ ਨੂੰ ਸੰਭਾਲ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ਸਾਰੇ ਹਥਿਆਰਾਂ ਨੂੰ ਨਵੇਂ ਆਰਮਜ਼ ਮਿਊਜ਼ੀਅਮ ’ਚ ਥਾਂ ਮਿਲੇਗੀ ਤਾਂ ਉਸ ਵਿਚ ਇਸਦੀ ਵਰਤੋਂ ਕਰਨ ਵਾਲੇ ਪੁਰਖਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ।

ਆਰਮਜ਼ ਮਿਊਜ਼ੀਅਮ ਖੋਲ੍ਹੇ ਜਾਣ ਦੀ ਤਰੀਕ ਪੁੱਛੇ ਜਾਣ ’ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸਦੇ ਲਈ ਲਾਲ ਕਿਲ੍ਹੇ ਦੇ ਅੰਦਰ ਨਿਰਮਾਣ ਕਾਰਜ ਕੀਤਾ ਜਾਣਾ ਹੈ, ਜਿਸਦੇ ਇਸੇ ਸਾਲ ਪੂਰਾ ਹੋਣ ਦੀ ਉਮੀਦ ਹੈ। ਇਕ ਵਾਰੀ ਮਿਊਜ਼ੀਅਮ ਦਾ ਨਿਰਮਾਣ ਹੋਣ ਦੇ ਬਾਅਦ ਉਸ ਵਿਚ ਪੁਰਾਣੇ ਹਥਿਆਰਾਂ ਨੂੰ ਰੱਖਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਪੂਰੀ ਤਿਆਰੀਆਂ ਤੋਂ ਬਾਅਦ ਇਹ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਥਿਆਰਾਂ ’ਚ ਦਿਲਚਸਪੀ ਰੱਖਣ ਵਾਲੇ ਲੋਕ ਵੱਡੀ ਗਿਣਤੀ ’ਚ ਇਸ ਮਿਊਜ਼ੀਅਮ ਨੂੰ ਦੇਖਣ ਆ ਸਕਦੇ ਹਨ।

Posted By: Tejinder Thind