ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਮੌਤ ਦਰ 'ਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਦੇਸ਼ 'ਚ ਬਣੇ ਵੈਂਟੀਲੇਟਰ ਦੀ ਬਰਾਮਦ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਬਾਰੇ ਗਠਿਤ ਉੱਚ ਪੱਧਰੀ ਮੰਤਰੀਆਂ ਦੇ ਸਮੂਹ (ਜੀਓਐੱਮ) ਨੇ ਸਵਦੇਸ਼ੀ ਵੈਂਟੀਲੇਟਰ ਦੀ ਬਰਾਮਦ ਸਬੰਧੀ ਸਿਹਤ ਮੰਤਰਾਲੇ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। 24 ਮਾਰਚ ਨੂੰ ਵੈਂਟੀਲੇਟਰ ਦੀ ਬਰਾਮਦ 'ਤੇ ਪਾਬੰਦੀ ਲਾਈ ਗਈ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ 'ਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਮੌਜੂਦਾ ਸਮੇਂ ਕੋਰੋਨਾ ਨਾਲ ਮੌਤ ਦਰ 2.15 ਫ਼ੀਸਦੀ ਹੈ ਜੋ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। ਘੱਟ ਮੌਤ ਦਰ ਦਾ ਮਤਲਬ ਹੈ ਕਿ ਬਹੁਤ ਘੱਟ ਮਰੀਜ਼ਾਂ ਲਈ ਵੈਂਟੀਲੇਟਰ ਦੀ ਜ਼ਰੂਰਤ ਹੈ। 31 ਜੁਲਾਈ ਨੂੰ ਸਰਗਰਮ ਮਾਮਲਿਆਂ ਵਿਚੋਂ ਸਿਰਫ 0.22 ਫ਼ੀਸਦੀ ਹੀ ਵੈਂਟੀਲੇਟਰ 'ਤੇ ਸਨ।

ਮੰਤਰਾਲੇ ਨੇ ਕਿਹਾ ਕਿ ਮੰਤਰੀਆਂ ਦੇ ਸਮੂਹ ਦੇ ਫ਼ੈਸਲੇ ਨਾਲ ਵਿਦੇਸ਼ ਵਪਾਰ ਡਾਇਰੈਕਟੋਰੇਟ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਜੋ ਸਵਦੇਸ਼ੀ ਵੈਂਟੀਲੇਟਰ ਦੀ ਬਰਾਮਦ ਦਾ ਪ੍ਰਬੰਧ ਕਰੇਗਾ। ਮੰਤਰਾਲੇ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਵੈਂਟੀਲੇਟਰ ਨਿਰਮਾਤਾਵਾਂ ਨੂੰ ਵਿਦੇਸ਼ 'ਚ ਨਵੇਂ ਬਾਜ਼ਾਰ ਮਿਲਣਗੇ। ਇਸ ਸਮੇਂ ਦੇਸ਼ 'ਚ 20 ਤੋਂ ਵੱਧ ਕੰਪਨੀਆਂ ਵੈਂਟੀਲੇਟਰ ਦਾ ਨਿਰਮਾਣ ਕਰ ਰਹੀਆਂ ਹਨ।