ਨਵੀਂ ਦਿੱਲੀ (ਏਜੰਸੀਆਂ) : ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਹੋਈ ਰੱਖਿਆ ਖ਼ਰੀਦ ਪ੍ਰੀਸ਼ਦ ਦੀ ਮੀਟਿੰਗ 'ਚ ਮੰਗਲਵਾਰ ਨੂੰ 13,700 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਹਥਿਆਰਾਂ ਤੇ ਉਪਕਰਨਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ 'ਚ ਸਵਦੇਸ਼ੀ 118 ਮਾਰਕ-1ਏ ਅਰਜੁਨ ਟੈਂਕ ਵੀ ਸ਼ਾਮਲ ਹਨ।

ਰੱਖਿਆ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਰੱਖਿਆ ਖ਼ਰੀਦ ਪ੍ਰਰੀਸ਼ਦ ਨੇ ਥਲ ਫ਼ੌਜ, ਜਲ ਫ਼ੌਜ ਤੇ ਹਵਾਈ ਫ਼ੌਜ ਦੀਆਂ ਲੋੜਾਂ ਮੁਤਾਬਕ ਵੱਖ-ਵੱਖ ਹਥਿਆਰਾਂ, ਪਲੇਟਫਾਰਮ, ਉਪਕਰਨਾਂ ਤੇ ਪ੍ਰਣਾਲੀਆਂ ਦੇ ਪੂੰਜੀਗਤ ਖ਼ਰੀਦ ਮਤਿਆਂ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ 'ਚ 118 ਅਰਜੁਨ ਟੈਂਕਾਂ ਦੇ ਨਾਲ-ਨਾਲ 820 ਬਖਤਰਬੰਦ ਵਾਹਨ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਰੀਦ ਮਤਿਆਂ ਦਾ ਡਿਜ਼ਾਈਨ, ਵਿਕਾਸ ਤੇ ਉਤਪਾਦਨ ਦੇਸ਼ 'ਚ ਕੀਤਾ ਜਾਵੇਗਾ। ਪ੍ਰਰੀਸ਼ਦ ਨੇ ਇਸ ਗੱਲ ਨੂੰ ਵੀ ਮਨਜ਼ੂਰੀ ਦਿੱਤੀ ਕਿ ਸਾਰੇ ਪੂੰਜੀਗਤ ਖ਼ਰੀਦ ਇਕਰਾਰਨਾਮਿਆਂ ਨੂੰ ਦੋ ਸਾਲ 'ਚ ਪੂਰਾ ਕੀਤਾ ਜਾਵੇਗਾ। ਇਨ੍ਹਾਂ 'ਚ ਡਿਜ਼ਾਈਨ ਤੇ ਵਿਕਾਸ (ਡੀ ਐਂਡ ਡੀ) ਦੇ ਮਾਮਲੇ ਸ਼ਾਮਲ ਨਹੀਂ ਹਨ। ਇਸ ਟੀਚੇ ਨੂੰ ਹਾਸਲ ਕਰਨ ਲਈ ਮੰਤਰਾਲਾ ਤਿੰਨੇ ਫ਼ੌਜਾਂ ਤੇ ਸਾਰੀਆਂ ਧਿਰਾਂ ਨਾਲ ਸਲਾਹ ਕਰ ਕੇ ਯੋਜਨਾ ਬਣਾਏਗਾ।

ਮਿਜ਼ਾਈਲ ਜੰਗੀ ਬੇੜਾ ਬਣਾਉਣ ਲਈ ਕੋਚੀਨ ਸ਼ਿਪਯਾਰਡ ਦੀ ਸਭ ਤੋਂ ਘੱਟ ਬੋਲੀ

ਭਾਰਤੀ ਨੇਵੀ ਲਈ ਅਗਲੀ ਪੀੜੀ ਦੇ ਛੇ ਮਿਜ਼ਾਈਲ ਜੰਗੀ ਬੇੜੇ ਬਣਾਉਣ ਲਈ ਕਰੀਬ 10 ਹਜ਼ਾਰ ਕਰੋੜ ਦੇ ਠੇਕੇ ਲਈ ਕੋਚੀਨ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਦੀ ਬੋਲੀ ਸਭ ਤੋਂ ਘੱਟ ਪਾਈ ਗਈ ਹੈ। ਕੰਪਨੀ ਮੁਤਾਬਕ, ਇਸ ਸਬੰਧ 'ਚ ਜ਼ਰੂਰੀ ਰਸਮਾਂ ਨੂੰ ਸੰਤੋਖਜਨਕ ਤਰੀਕੇ ਨਾਲ ਪੂਰਾ ਕਰਨ ਤੋਂ ਬਾਅਦ ਹੀ ਇਸ ਠੇਕੇ ਦਾ ਆਖਰੀ ਐਲਾਨ ਕੀਤਾ ਜਾਵੇਗਾ।

Posted By: Susheel Khanna