ਨਵੀਂ ਦਿੱਲੀ (ਏਜੰਸੀ) : ਕੇਂਦਰੀ ਸਿਹਤ ਮੰਤਰਾਲੇ ਨੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਤੋਂ ਕੋਰੋਨਾ ਦੇ ਟੀਕੇ ਬਾਰੇ ਸਮਾਜ ’ਚ ਫੈਲੇ ਭਰਮ ਭੁਲੇਖੇ ਦੂਰ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਨਾਲ ਕੋਰੋਨਾ ਤੋਂ ਬਚਾਅ ਦੇ ਉਪਾਅ ਅਪਣਾਉਣ ਲਈ ਜਾਗਰੂਕਤਾ ਫੈਲਾਉਣ ਦੀ ਵੀ ਅਪੀਲ ਕੀਤੀ ਗਈ ਹੈ।

ਮੰਤਰਾਲੇ ਵੱਲੋਂ 16 ਸੂਬਿਆਂ ਤੋਂ ਆਏ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਨੁਮਾਇੰਦਿਆਂ ਲਈ ਇਕ ਵਰਕਸ਼ਾਪ ਲਗਾਈ ਗਈ, ਜਿਸ ’ਚ ਉਨ੍ਹਾਂ ਨੂੰ ਇਹ ਅਪੀਲ ਕੀਤੀ ਗਈ ਹੈ। ਯੂਨੀਸੈਫ ਨਾਲ ਮਿਲ ਕੇ ਮੰਤਰਾਲੇ ਨੇ ਇਹ ਵਰਕਸ਼ਾਪ ਕਰਵਾਈ ਸੀ।

ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਵਰਕਸ਼ਾਪ ’ਚ ਦੇਸ਼ ਦੇ ਦੂਰ ਦਰਾਜ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਵਿਚਕਾਰ ਕੋਰੋਨਾ ਰੋਕੂ ਵੈਕਸੀਨ ਬਾਰੇ ਫੈਲੇ ਭਰਮ ਭੁਲੇਖੇ ਦੂਰ ਕਰਨ ਤੇ ਮਹਾਮਾਰੀ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ।

ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਆਪਣੇ ਉਦਘਾਟਨ ਭਾਸ਼ਣ ’ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ’ਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਰੇਡੀਓ ਸਟੇਸ਼ਨਾਂ ਵੱਲੋਂ ਟੀਕਾਕਰਨ ਬਾਰੇ ਸੂਚਨਾ ਦੇਣ ਵਾਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਨਾਲ ਟੀਕਾਕਰਨ ਮੁਹਿੰਮ ’ਚ ਕਮਿਊਨਿਟੀ ਦੀ ਭਾਈਵਾਲੀ ਵਧੀ ਹੈ।

Posted By: Tejinder Thind