ਜੇਐੱਨਐੱਨ, ਕਾਨਪੁਰ : ਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ ਦੇ ਚਕੇਰੀ ਦੀ ਜੇਕੇ ਕਾਲੋਨੀ 'ਚ ਦੋ ਸਕੇ ਭਰਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਕਰੀਬ ਅੱਧਾ ਦਰਜਨ ਦੰਗਾਕਾਰੀਆਂ ਦੇ ਨਾਂ-ਪਤੇ ਮਿਲ ਗਏ ਹਨ। ਸਿੱਖ ਪਰਿਵਾਰ ਦੀ ਜਾਨ ਬਚਾਉਣ ਵਾਲੇ ਇਕ ਬਜ਼ੁਰਗ ਗੁਆਂਢੀ ਨੇ ਵੀ ਐੱਸਆਈਟੀ ਨੂੰ ਗਵਾਹੀ ਦਿੱਤੀ ਹੈ। ਇਸ ਦੌਰਾਨ ਗੁਆਂਢੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਜਦੋਂ ਕਾਨਪੁਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦੇ ਹਨ।

ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਚਕੇਰੀ ਦੀ ਜੇਕੇ ਕਾਲੋਨੀ 'ਚ ਪ੍ਰਰੇਮ ਸਿੰਘ ਦੇ ਦੋ ਪੁੱਤਰਾਂ ਨਰਿੰਦਰ ਤੇ ਸੁਰਿੰਦਰ ਸਿੰਘ ਦੀ ਹੱਤਿਆ ਹੋਈ ਸੀ। ਨਰਿੰਦਰ ਦੀ ਪਤਨੀ ਹੁਣ ਲੰਡਨ 'ਚ ਰਹਿੰਦੀ ਹੈ, ਜਦਕਿ ਸੁਰਿੰਦਰ ਦੀ ਪਤਨੀ ਹਰਵਿੰਦਰ ਕੌਰ ਆਪਣੀ ਦੋ ਧੀਆਂ ਨਾਲ ਚੇਨਈ 'ਚ ਰਹਿੰਦੀ ਹੈ। ਪਿਛਲੇ ਦਿਨੀਂ ਐੱਸਆਈਟੀ ਦੀ ਜਾਂਚ 'ਚ ਚੇਨਈ ਜਾ ਕੇ ਇਨ੍ਹਾਂ ਦੇ ਬਿਆਨ ਲਏ ਸਨ। ਉਥੋਂ ਵਾਪਸ ਆਉਣ ਤੋਂ ਬਾਅਦ ਟੀਮ ਨੇ ਦੁਬਾਰਾ ਘਟਨਾ ਵਾਲੀ ਥਾਂ ਨੇੜੇ-ਤੇੜੇ ਪੁੱਛਗਿੱਛ ਕੀਤੀ ਤਾਂ ਨਜ਼ਦੀਕ ਹੀ ਰਹਿਣ ਵਾਲੇ ਇਕ ਬਜ਼ੁਰਗ ਨੇ ਦੱਸਿਆ ਕਿ ਪਹਿਲੀ ਨਵੰਬਰ 1984 ਨੂੰ 250 ਤੋਂ ਜ਼ਿਆਦਾ ਦੰਗਾਕਾਰੀਆਂ ਨੇ ਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ। ਛੱਤ ਦੇ ਰਸਤਿਓਂ ਉਨ੍ਹਾਂ ਨੇ ਪ੍ਰਰੇਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੱਿਢਆ ਸੀ ਪਰ ਉਦੋਂ ਤਕ ਦੰਗਾਕਾਰੀ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਬਾਹਰ ਖਿੱਚ ਲੈ ਗਏ ਤੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ 'ਚ ਸ਼ਾਮਲ ਦੰਗਾਕਾਰੀਆਂ ਦੀ ਵੀ ਜਾਣਕਾਰੀ ਦਿੱਤੀ ਹੈ। ਇਸ 'ਚ ਕਈ ਹੁਣ ਰਸੂਖਦਾਰ ਹਨ। ਇਕ ਨਾਂ ਤਾਂ ਚਕੇਰੀ ਦੇ ਮਿਠਾਈ ਵਿਕ੍ਰੇਤਾ ਦਾ ਹੈ। ਐੱਸਪੀ ਐੱਸਆਈਟੀ ਬਾਲੇਂਦੁ ਭੂਸ਼ਣ ਨੇ ਦੱਸਿਆ ਕਿ ਚਕੇਰੀ ਦੀ ਜੇਕੇ ਕਾਲੋਨੀ 'ਚ ਹੋਈ ਘਟਨਾ 'ਚ ਮਾਂ ਧੀਆਂ ਦੀ ਗਵਾਹੀ ਅਹਿਮ ਹੈ। ਹੁਣ ਕੁਝ ਸਥਾਨਕ ਨਿਵਾਸੀ ਵੀ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ। ਥਾਣਿਆਂ 'ਚੋਂ ਪੁਰਾਣੇ ਅਪਰਾਧੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਨਾਂ-ਪਤਿਆਂ ਦੇ ਆਧਾਰ 'ਤੇ ਤਸਦੀਕ ਹੋਣ ਤੋਂ ਬਾਅਦ ਗਵਾਹਾਂ ਦੇ ਕੋਰਟ 'ਚ ਬਿਆਨ ਕਰਵਾਏ ਜਾਣਗੇ। ਇਸ ਤੋਂ ਅੱਗੇ ਦੀ ਕਾਰਵਾਈ ਹੋਵੇਗੀ।